
ਇਕ ਜ਼ਖ਼ਮੀ ਨੌਜਵਾਨ ਦੀ ਹਾਲਤ ਗੰਭੀਰ
ਜ਼ੀਰਕਪੁਰ: ਸਥਾਨਕ ਲੋਹਗੜ੍ਹ ਖੇਤਰ ਵਿਚ ਸਥਿਤ ਮੈਟਰੋ ਪਲਾਜ਼ਾ ਵਿਚ ਸ਼ੁਕਰਵਾਰ ਸ਼ਾਮ ਹੋਈ ਗੋਲੀਬਾਰੀ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀ ਨੌਜਵਾਨਾਂ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਨਵਾਂ ਸ਼ਹਿਰ ਅਤੇ ਸਤਿੰਦਰ ਸਿੰਘ ਵਾਸੀ ਲੁਧਿਆਣਾ ਦੇ ਰੂਪ ਵਿਚ ਹੋਈ ਹੈ। ਜ਼ਖ਼ਮੀਆਂ ਵਿਚੋਂ ਇਕ ਨੌਜਵਾਨ ਨੂੰ ਸਥਾਨਕ ਨਿੱਜੀ ਹਸਪਤਾਲ ਵਿਚ ਜਦਕਿ ਦੂਜੇ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੂੰ ਮੌਕੇ ਤੋਂ ਚਾਰ ਚੱਲੇ ਹੋਏ ਖੋਲ੍ਹ ਬਰਾਮਦ ਹੋਏ ਹਨ।
ਮੌਕੇ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਕਰੀਬ ਪੌਣੇ ਪੰਜ ਵਜੇ ਇੰਦਰਜੀਤ ਸਿੰਘ ਅਤੇ ਸਤਿੰਦਰ ਸਿੰਘ ਸਵੀਫਟ ਕਾਰ ਵਿਚ ਸਵਾਰ ਹੋ ਕੇ ਮੈਟਰੋ ਪਲਾਜ਼ਾ ਵਿਚ ਕਿਸੇ ਨੂੰ ਮਿਲਣ ਲਈ ਆਏ ਸੀ। ਜਦ ਉਹ ਸਾਡੇ ਪੰਜ ਵਜੇ ਵਾਪਸ ਜਾਣ ਲੱਗੇ ਤਾਂ ਉਥੇ ਪਹਿਲਾਂ ਹੀ ਸਵੀਫ਼ਟ ਕਾਰ ਵਿਚ ਖੜ੍ਹੇ ਤਿੰਨ ਹਮਲਾਵਰ ਜਿਨ੍ਹਾਂ ਵਿਚ ਦੋ ਮੋਨੇ ਅਤੇ ਇਕ ਸਰਦਾਰ ਸੀ, ਨੇ ਉਨ੍ਹਾਂ ਦੇ ਨੇੜੇ ਆਉਂਦੇ ਹੀ ਉਨ੍ਹਾਂ ਦੀ ਕਾਰ ’ਤੇ ਤਾਬੜਤੋੜ ਫਾਇਰਿੰਗ ਕਰ ਦਿਤੀ।
ਹਮਲਾਵਰਾਂ ਨੇ ਤਿੰਨ ਫਾਇਰ ਸਾਹਮਣੇ ਤੋਂ ਕੀਤੇ ਜਿਸ ਵਿਚ ਦੋਵੇਂ ਚਾਲਕ ਜ਼ਖ਼ਮੀ ਹੋ ਗਏ। ਹਮਲਾਵਰਾਂ ਨੇ ਇਕ ਫਾਇਰ ਕਾਰ ਦੇ ਪਿੱਛੇ ਕੀਤਾ। ਹਮਲੇ ਵਿਚ ਇੰਦਰਜੀਤ ਸਿੰਘ ਜੋ ਕਿ ਗੱਡੀ ਦੀ ਕੰਡਕਟਰ ਸੀਟ ’ਤੇ ਬੈਠਾ ਸੀ, ਦੀ ਛਾਤੀ ਅਤੇ ਬਾਂਹ ਤੇ ਗੋਲੀਆਂ ਲੱਗਿਆ ਜਦਕਿ ਡਰਾਇਵਰ ਸੀਟ ’ਤੇ ਬੈਠੇ ਸਤਿੰਦਰ ਸਿੰਘ ਦੇ ਪੱਟ ਵਿਚ ਗੋਲੀ ਵਜੀ ਹੈ। ਸਤਿੰਦਰ ਗੋਲੀ ਲੱਗਣ ਦੇ ਬਾਵਜੂਦ ਕਾਰ ਨੂੰ ਨਿੱਜੀ ਹਸਪਤਾਲ ਲੈ ਗਿਆ।
ਉਥੇ ਡਾਕਟਰਾਂ ਨੇ ਦੱਸਿਆ ਕਿ ਇੰਦਰਜੀਤ ਸਿੰਘ ਦੀ ਛਾਤੀ ਵਿਚ ਅਤੇ ਬਾਂਹ ਤੇ ਗੋਲੀ ਵੱਜੀ ਹੈ ਜੋ ਐਮਕੇਅਰ ਹਸਪਤਾਲ ਵਿਚ ਜੇਰੇ ਇਲਾਜ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦਕਿ ਪੱਟ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਸਤਿੰਦਰ ਨੂੰ ਚੰਡੀਗੜ੍ਹ ਸੈਕਟਰ 32 ਰੈਫਰ ਕਰ ਦਿਤਾ ਹੈ। ਮੌਕੇ ਤੋਂ ਗੋਲੀਬਾਰੀ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਸੀਸੀਟੀਵੀ ਵਿਚ ਤਿੰਨੇ ਹਮਲਾਵਰ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ। ਗੋਲੀਬਾਰੀ ਤੋਂ ਬਾਅਦ ਖੇਤਰ ਵਿਚ ਸਨਸਨੀ ਫੈਲ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਘਟਨਾ ਤੋਂ ਬਾਅਦ ਐਸ.ਪੀ. ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਦਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।