
ਔਰਤ ਨੇ ਕਿਹਾ- ਰੋਜ਼ ਦੀਆਂ ਪ੍ਰੇਸ਼ਾਨੀਆਂ ਤੋਂ ਤੰਗ ਆ ਚੁੱਕੀ ਹਾਂ, ਮਰਨਾ ਚਾਹੁੰਦੀ ਹਾਂ
ਫਰੀਦਕੋਟ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿਚ ਅੱਜ ਇੱਕ ਔਰਤ ਖੁਦਕੁਸ਼ੀ ਕਰਨ ਲਈ ਹਰੀਕੇ ਹੈੱਡ ਪਹੁੰਚੀ। ਜਦੋਂ ਉਹ ਛਾਲ ਮਾਰਨ ਲੱਗੀ ਤਾਂ ਪੁਲਿਸ ਵਾਲੇ ਨੇ ਉਸ ਨੂੰ ਪਿੱਛੇ ਖਿੱਚ ਲਿਆ। ਇਸ ਤੋਂ ਬਾਅਦ ਔਰਤ ਨੂੰ ਸਮਝਾ ਕੇ ਪਤੀ ਸਮੇਤ ਭੇਜ ਦਿਤਾ ਗਿਆ। ਮਾਮਲਾ ਘਰੇਲੂ ਕਲੇਸ਼ ਦਾ ਨਿਕਲਿਆ, ਜਿਸ ਕਾਰਨ ਔਰਤ ਪਰੇਸ਼ਾਨ ਸੀ।
ਹਰੀਕੇ ਹੈੱਡ ’ਤੇ ਟਰੈਫਿਕ ਪ੍ਰਬੰਧਾਂ ਨੂੰ ਸੰਭਾਲ ਰਹੇ ਪੁਲਿਸ ਮੁਲਾਜ਼ਮਾਂ ਨੇ ਦਸਿਆ ਕਿ ਨੇੜਲੇ ਪਿੰਡ ਦੀ ਇੱਕ ਔਰਤ ਹਰੀਕੇ ਹੈੱਡ ਵੱਲ ਪੈਦਲ ਆਉਂਦੀ ਦਿਖਾਈ ਦਿਤੀ। ਉਸ ਦੀ ਹਾਲਤ ਠੀਕ ਨਹੀਂ ਲੱਗ ਰਹੀ ਸੀ। ਅਚਾਨਕ ਮਹਿਲਾ ਨਹਿਰ ਦੇ ਥੜ੍ਹੇ 'ਤੇ ਚੜ੍ਹ ਗਈ ਅਤੇ ਛਾਲ ਮਾਰਨ ਲੱਗੀ, ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ।
ਪੁਲਿਸ ਮੁਲਾਜ਼ਮਾਂ ਨੇ ਔਰਤ ਨੂੰ ਉਥੋਂ ਥੋੜੀ ਦੂਰ ਲਿਜਾ ਕੇ ਉਸ ਨਾਲ ਗੱਲ ਕੀਤੀ। ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਦਾ ਕਾਰਨ ਘਰੇਲੂ ਕਲੇਸ਼ ਦਸਿਆ ਹੈ। ਔਰਤ ਨੂੰ ਸਮਝਾ ਕੇ ਸ਼ਾਂਤ ਕੀਤਾ ਗਿਆ ਅਤੇ ਫਿਰ ਪੁੱਛਣ 'ਤੇ ਉਸ ਦੇ ਪਤੀ ਨੂੰ ਮੌਕੇ 'ਤੇ ਬੁਲਾਇਆ।
ਪੁਲਿਸ ਮੁਲਾਜ਼ਮਾਂ ਨੇ ਦੋਵਾਂ ਪਤੀ-ਪਤਨੀ ਵਿਚ ਸਮਝੌਤਾ ਕਰਵਾ ਕੇ ਉਨ੍ਹਾਂ ਨੂੰ ਘਰ ਭੇਜ ਦਿਤਾ। ਇਸ ਤਰ੍ਹਾਂ ਟ੍ਰੈਫਿਕ ਪੁਲਿਸ ਨੇ ਸਮੇਂ ਸਿਰ ਕੀਤੇ ਸਾਰਥਕ ਯਤਨ ਨਾਲ ਇਕ ਔਰਤ ਦੀ ਜਾਨ ਬਚਾਈ ਅਤੇ ਪ੍ਰਵਾਰ ਨੂੰ ਟੁੱਟਣ ਤੋਂ ਵੀ ਬਚਾਇਆ। ਪੁਲਿਸ ਮੁਲਾਜ਼ਮਾਂ ਦੇ ਇਸ ਉਪਰਾਲੇ ਦੀ ਥਾਣਾ ਸਦਰ ਵਿਚ ਕਾਫੀ ਤਾਰੀਫ ਹੋਈ।