
ਪੀਜੀ ਛੱਡਣ ਦੇ ਬਹਾਨੇ ਆਇਆ ਸੀ ਆਰੋਪੀ
Kapurthala News : ਕਪੂਰਥਲਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਫਗਵਾੜਾ 'ਚ ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਬਿਹਾਰ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਤਨਾਮਪੁਰਾ ਦੀ ਪੁਲਸ ਨੇ ਪੀੜਤ ਵਿਦਿਆਰਥਣ ਦੇ ਬਿਆਨਾਂ 'ਤੇ BNS ਦੀ ਧਾਰਾ 64 (1) ਤਹਿਤ ਆਰੋਪੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਆਰੋਪੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ।
ਬੀਏ ਦੀ ਪੜ੍ਹਾਈ ਕਰ ਰਹੀ ਹੈ ਪੀੜਤਾ
ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਯੂਨੀਵਰਸਿਟੀ ਨੇੜੇ ਇੱਕ ਪੀਜੀ ਵਿੱਚ ਰਹਿੰਦੀ ਹੈ ਅਤੇ ਯੂਨੀਵਰਸਿਟੀ ਵਿੱਚ ਬੀਏ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ।
ਪੀਜੀ ਛੱਡਣ ਆਇਆ ਸੀ ਆਰੋਪੀ
ਵਿਦਿਆਰਥਣ ਨੇ ਇਹ ਵੀ ਦੱਸਿਆ ਕਿ 29 ਜੂਨ ਨੂੰ ਉਹ ਜਲੰਧਰ ਤੋਂ ਪੀਜੀ ਜਾਣ ਲਈ ਆ ਰਹੀ ਸੀ। ਫਿਰ ਦੇਰ ਰਾਤ ਕਰੀਬ 10 ਵਜੇ ਜਦੋਂ ਉਹ ਲਾਅ ਗੇਟ ਨੇੜੇ ਪਹੁੰਚੀ ਤਾਂ ਉਥੇ ਖੜ੍ਹੇ ਇਕ ਨੌਜਵਾਨ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਪੀ.ਜੀ. ਤੱਕ ਛੱਡ ਦੇਵੇਗਾ। ਜਿਸ ਤੋਂ ਬਾਅਦ ਉਹ ਉਸ ਨਾਲ ਚਲੀ ਗਈ।
ਉਕਤ ਨੌਜਵਾਨ ਨੇ ਉਸ ਨੂੰ ਪੀ.ਜੀ.ਤੱਕ ਛੱਡ ਦਿੱਤਾ। ਉਸ ਨੇ ਆਪਣਾ ਨਾਂ ਨਿਤੀਸ਼ ਵਾਸੀ ਬਿਹਾਰ ਦੱਸਿਆ ਸੀ ਪਰ ਜਦੋਂ ਉਹ ਆਪਣੇ ਕਮਰੇ ਵਿੱਚ ਦਾਖਲ ਹੋਈ ਤਾਂ ਨਿਤੀਸ਼ ਵੀ ਉਸਦੇ ਕਮਰੇ ਵਿੱਚ ਆ ਗਿਆ। ਉਕਤ ਨੌਜਵਾਨ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਉਸ ਨਾਲ ਜ਼ਬਰਦਸਤੀ ਰੇਪ ਕੀਤਾ।
ਪੁਲਸ ਨੇ ਆਰੋਪੀ ਨੂੰ ਕੀਤਾ ਗ੍ਰਿਫਤਾਰ
ਪੀੜਤ ਵਿਦਿਆਰਥਣ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਦੋਸ਼ੀ ਨਿਤੀਸ਼ ਪੁੱਤਰ ਜੈ ਕੁਮਾਰ ਵਾਸੀ ਬਿਹਾਰ ਖਿਲਾਫ ਬੀਐੱਨਐੱਸ ਦੀ ਧਾਰਾ 64 (1) ਤਹਿਤ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਐਸਆਈ ਰਮਨਦੀਪ ਕੌਰ ਨੇ ਦੱਸਿਆ ਕਿ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਜਿਸ ਦੌਰਾਨ ਆਰੋਪੀ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।