
ਹਲਕਾ ਸਨੌਰ ਦੇ ਪਿੰਡ ਬਲਬੇੜ੍ਹਾ ਦੇ ਕਿਸਾਨਾਂ ਨੂੰ ਫ਼ਸਲ ਦੀ ਸਿੰਚਾਈ ਲਈ ਨਹਿਰੀ ਵਿਭਾਗ ਵਲੋਂ ਸੂਏ ਰਾਹੀਂ ਦਿਤਾ ਜਾਣ ਵਾਲਾ ਪਾਣੀ ਨਾ ਮਿਲਣ ਕਾਰਨ............
ਬਲਬੇੜਾ: ਹਲਕਾ ਸਨੌਰ ਦੇ ਪਿੰਡ ਬਲਬੇੜ੍ਹਾ ਦੇ ਕਿਸਾਨਾਂ ਨੂੰ ਫ਼ਸਲ ਦੀ ਸਿੰਚਾਈ ਲਈ ਨਹਿਰੀ ਵਿਭਾਗ ਵਲੋਂ ਸੂਏ ਰਾਹੀਂ ਦਿਤਾ ਜਾਣ ਵਾਲਾ ਪਾਣੀ ਨਾ ਮਿਲਣ ਕਾਰਨ, ਪਿੰਡ ਦੇ ਕਿਸਾਨਾਂ ਨੇ ਨਹਿਰੀ ਵਿਭਾਗ 'ਤੇ ਲਾਪ੍ਰਵਾਹੀ ਦੇ ਦੋਸ਼ ਲਗਾਏ ਹਨ। ਨਹਿਰੀ ਵਿਭਾਗ ਦੇ ਅਧਿਕਾਰੀਆਂ ਤੋਂ ਖਫ਼ਾ ਪਿੰਡ ਬਲਬੇੜ੍ਹਾ ਦੇ ਕਿਸਾਨਾਂ ਨੇ ਵਿਭਾਗ ਵਿਰੁਧ ਨਾਹਰੇਬਾਜੀ ਕਰਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਇੱਕਤਰ ਕਿਸਾਨਾਂ ਸੇਵਾ ਸਿੰਘ, ਮੁਖਤਿਆਰ ਸਿੰਘ, ਕੁਲਵਿੰਦਰ ਸਿੰਘ,ਭਜਨ ਸਿੰਘ, ਬਲਕਾਰ ਸਿੰਘ ਤੇ ਹੋਰਨਾਂ ਨੇ ਦਸਿਆ
ਕਿ ਪਿੰਡ ਤਰੈਂ ਤੋਂ ਤੇ ਬਲਬੇੜ੍ਹਾ ਦੇ ਕਿਸਾਨਾਂ ਦੀ ਫ਼ਸਲ ਦੀ ਸਿੰਚਾਈ ਲਈ ਵਿਭਾਗ ਵਲੋਂ ਪਿਛਲੇ ਕਈ ਸਾਲਾਂ ਤੋਂ ਬਣਾਇਆ ਗਿਆ ਸੂਆ ਵਿਭਾਗੀ ਲਾਪ੍ਰਵਾਹੀ ਕਾਰਨ ਗੰਦੇ ਨਾਲੇ 'ਚ ਤਬਦੀਲ ਹੋ ਚੁੱਕਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸੂਏ ਦੀ ਸਫ਼ਾਈ ਕੀਤੇ ਵਿਭਾਗ ਵਲੋਂ 6 ਸਾਲ ਬੀਤੇ ਚੁੱਕੇ ਹਨ ਤੇ ਇਹ ਸੂਆ ਹੁਣ ਪੂਰੀ ਤਰ੍ਹਾ ਗੰਦਗੀ ਨਾਲ ਭਰ ਕੇ ਭਿਆਨਕ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ। ਕਿਸਾਨ ਸੇਵਾ ਸਿੰਘ ਦਸਿਆ ਕਿ ਝੋਨੇ ਦੇ ਸੀਜਨ ਦੌਰਾਨ ਉਨ੍ਹਾਂ ਨੂੰ ਉਮੀਦ ਸੀ ਕਿ ਵਿਭਾਗ ਸੂਏ ਦੀ ਸਫ਼ਾਈ ਕਰਵਾਉਣਗੇ ਤੇ ਬਲਬੇੜ੍ਹਾ ਦੇ ਕਿਸਾਨਾਂ ਨੂੰ ਫ਼ਸਲ ਦੀ ਸਿੰਚਾਈ ਲਈ ਪਾਣੀ ਮਿਲੇਗਾ,
ਪ੍ਰੰਤੂ ਵਿਭਾਗ ਨੇ ਇਸਦੀ ਸਫ਼ਾਈ ਪਿੰਡ ਬਠੋਈ , ਪੰਜੌਲਾ ਤਕ ਹੀ ਕਰਵਾਈ ਤੇ ਇਸ ਵਾਰ ਵੀ ਸੀਜ਼ਨ ਦੌਰਾਨ ਉਨ੍ਹਾਂ ਨੂੰ ਪਾਣੀ ਦੀ ਇਕ ਬੂੰਦ ਵੀ ਨਸੀਬ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗੀ ਲਾਪ੍ਰਵਾਹੀ ਕਾਰਨ ਅਜ ਪਿੰਡ ਬਲਬੇੜ੍ਹਾ ਦਾ ਇਹ ਸੂਆ ਆਪਣੀ ਹੋਂਦ ਖੋ-ਚੁੱਕਿਆ ਹੈ ਤੇ ਵਿਭਾਗ ਇਸ ਪਾਸੇ ਕੋਈ ਧਿਆਨ ਹੀ ਨਹੀਂ ਦੇ ਰਿਹਾ। ਕਿਸਾਨਾਂ ਨੇ ਕਿਹਾ ਕਿ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਕਈ ਵਾਰ ਦੱਸ ਚੁੱਕੇ ਹਨ, ਪ੍ਰੰਤੂ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਗੰਦਗੀ ਨਾਲ ਭਰੇ ਸੂਏ ਦੀ ਸਫਾਈ ਕਰਕੇ ਉਨ੍ਹਾਂ ਦੀ ਫਸਲਾਂ ਤਕ ਵਿਭਾਗ ਦਾ ਪਾਣੀ ਪਹੁੰਚਦਾ ਕੀਤਾ ਜਾਵੇ ।
ਇਸ ਮਾਮਲੇ ਸਬੰਧੀ ਜਦੋਂ ਵਿਭਾਗ ਦੇ ਜੇ.ਈ. ਸ਼ਰਮਾ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿਸਾਨਾਂ ਉਸਨੂੰ ਮਿਲਣ ਤੇ ਸਮੇਂ ਤੇ ਹੀ ਉਨ੍ਹਾਂ ਦੀ ਸਮੱਸਿਆ ਦਾ ਹਲ ਕੀਤਾ ਜਾਵੇਗਾ। ਜੇ.ਈ. ਨੇ ਕਿਹਾ ਕਿ ਇਹ ਸੂਆ ਕਾਫੀ ਪੁਰਾਣਾ ਹੈ ਤੇ ਜਮੀਨਾਂ ਉੱਚੀ ਹੋਣ ਕਾਰਨ, ਪਾਣੀ ਖੇਤਰ ਤਕ ਨਹੀਂ ਪੁਹੰਚਦਾ। ਉਨ੍ਹਾਂ ਦੱਸਿਆ ਕਿ ਕਸਬਾ ਬਲਬੇੜ੍ਹਾ ਤੋਂ ਜਾਂਦੇ ਸੂਏ ਤੇ ਲੋਕਾਂ ਨੇ ਨਾਜ਼ਾਇਜ ਕਬਜ਼ਾ ਕੀਤਾ ਹੋਇਆ ਹੈ
ਤੇ ਪਿੰਡ ਦੇ ਕਿਸਾਨਾਂ ਨੇ ਵਿਭਾਗ ਨੂੰ ਲਿਖਕੇ ਦਿੱਤਾ ਹੋਇਆ ਹੈ ਕਿ ਉਨ੍ਹਾਂ ਨੂੰ ਪਾਣੀ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਉਹ ਵਿਭਾਗ ਤੋਂ ਇਸ ਬਾਰੇ ਪਹਿਲਾਂ ਹੀ ਮੰਗ ਕਰ ਚੁੱਕੇ ਹਨ। ਕਿ ਪਿੰਡ ਪੰਜੌਲਾ ਨੇੜੇ ਪਾਣੀ ਨੂੰ ਇੱਕਠਾ ਕਰਕੇ ਸਹੀ ਢੰਗ ਨਾਲ ਅੱਗੇ ਬਲਬੇੜ੍ਹਾ ਦੇ ਕਿਸਾਨਾਂ ਤਕ ਪਾਣੀ ਨੂੰ ਪਹੁੰਚਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਵਿਭਾਗ ਨੂੰ ਸਹਿਯੋਗ ਕਰਨ ਤੇ ਉਹ ਵਿਭਾਗ ਤੋਂ ਮੰਜੂਰੀ ਲੈ ਕੇ ਸੂਏ ਦੀ ਸਫਾਈ ਕਰਵਾ ਦੇਣਗੇ ਤੇ ਲੋਕ ਵੀ ਸੂਏ ਤੋਂ ਆਪਣੇ ਤੋਂ ਨਾਜ਼ਾਇਜ ਕਬਜ਼ੇ ਹਟਾਉਣ।