
ਅਨਿਲ ਜੋਸ਼ੀ ਹੋਏ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ
ਚੰਡੀਗੜ੍ਹ, 20 ਅਗੱਸਤ (ਜੀ.ਸੀ.ਭਾਰਦਵਾਜ): ਕਿਸਾਨੀ ਮੁੱਦਿਆਂ ਦੀ ਆਵਾਜ਼ ਚੁਕਣ ਕਾਰਨ ਪਾਰਟੀ ਵਿਚੋਂ ਕੱਢੇ ਸਾਬਕਾ ਬੀਜੇਪੀ ਮੰਤਰੀ ਅਤੇ ਦੋ ਵਾਰ ਅੰਮਿ੍ਤਸਰ ਉਤਰੀ ਤੋਂ ਵਿਧਾਇਕ ਰਹੇ ਨੌਜਵਾਨ ਨੇਤਾ ਅਨਿਲ ਜੋਸ਼ੀ ਨੇ ਅੱਜ ਬਕਾਇਦਾ ਸੈਕਟਰ 28 ਦੇ ਮੁੱਖ ਦਫ਼ਤਰ ਵਿਖੇ ਇਕ ਵੱਡੇ ਸਮਾਗਮ ਵਿਚ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ | ਇਸ ਮੌਕੇ ਦਸੂਹਾ ਤੋਂ ਸਾਬਕਾ ਬੀਜੇਪੀ ਵਿਧਾਇਕਾ ਸੁਖਜੀਤ ਕੌਰ ਸਾਹੀ ਨੇ ਵੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸੀਨੀਅਰ ਪਾਰਟੀ ਨੇਤਾਵਾਂ ਜਥੇਦਾਰ ਤੋਤਾ ਸਿੰਘ, ਮਹੇਸ਼ਇੰਦਰ ਗਰੇਵਾਲ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਢਿੱਲੋਂ, ਡਾ. ਦਲਜੀਤ ਚੀਮਾ, ਬਿਕਰਮ ਸਿੰਘ ਮਜੀਠੀਆ, ਐਨ.ਕੇ.ਸ਼ਰਮਾ ਤੇ ਲਖਬੀਰ ਸਿੰਘ ਲੋਧੀ ਨੰਗਲ ਅਤੇ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਸਟੇਜ 'ਤੇ ਹਾਜ਼ਰੀ ਦਰਮਿਆਨ ਇਕ ਦਰਜਨ ਤੋਂ ਵੱਧ ਬੀਜੇਪੀ ਦੇ ਨੇਤਾਵਾਂ, ਸਾਬਕਾ ਤੇ ਮੌਜੂਦਾ ਜ਼ਿਲ੍ਹਾ ਪ੍ਰਧਾਨਾਂ ਤੇ ਕੌਂਸਲਰਾਂ ਨੇ ਵੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਕੇ ਬੀਜੇਪੀ ਨੂੰ ਵੱਡਾ ਝਟਕਾ ਦਿਤਾ
ਅਤੇ ਅਕਾਲੀ ਦਲ ਨੂੰ ਜੋਸ਼ ਭਰਿਆ ਹੁਲਾਰਾ ਦਿਤਾ | ਸੁਖਬੀਰ ਬਾਦਲ ਨੇ ਇਨ੍ਹਾਂ ਸਾਰਿਆਂ ਨੂੰ ਸਿਰੋਪਾਉ ਦੇ ਕੇ ਮਾਣ ਸਤਿਕਾਰ ਦਿਤਾ ਅਤੇ ਹਿੰਦੂ ਸਿੱਖ ਏਕਤਾ ਤੇ ਪੰਜਾਬ ਵਿਚ ਸਾਰੇ ਵਰਗਾਂ ਦੀ ਸਾਂਝ, ਅਮਨ ਤੇ ਸ਼ਾਂਤੀ ਕਾਇਮ ਰੱਖਣ ਦਾ ਭਰੋਸਾ ਦਿਤਾ | ਅਨਿਲ ਜੋਸ਼ੀ ਨੇ ਇਸ ਮੌਕੇ ਅਪਣੇ ਭਾਵੁਕਤਾ ਭਰੇ ਲੰਮੇ ਭਾਸ਼ਣ ਵਿਚ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਬੀਜੇਪੀ ਨੇਤਾ ਅਪਣੀ ਹਾਈਕਮਾਂਡ ਤੋਂ ਡਰਦੇ ਹਨ, ਕਿਸਾਨੀ ਮੁੱਦਿਆਂ 'ਤੇ ਸਹੀ ਤਸਵੀਰ ਦਿਖਾਉਣ ਤੋਂ ਜਰਕਦੇ ਹਨ ਜਿਸ ਕਾਰਨ ਬੀਜੇਪੀ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ |
ਵੱਡੇ ਬਾਦਲ, ਸੁਖਬੀਰ ਬਾਦਲ ਤੇ ਹੋਰ ਅਕਾਲੀ ਨੇਤਾਵਾਂ ਨਾਲ ਅਪਣੀ ਪੁਰਾਣੀ ਸਾਂਝ, ਮੇਲ ਜੋਲ ਤੇ ਲੋਕਾਂ ਦੇ ਮੁੱਦਿਆਂ ਲਈ ਵਿਕਾਸ ਕੰਮਾਂ ਦਾ ਪਿਛੋਕੜ ਦਸਦੇ ਹੋਏ ਅਨਿਲ ਜੋਸ਼ੀ ਨੇ ਕਿਹਾ ਕਿ ਉਹ ਭਵਿੱਖ ਵਿਚ ਹਿੰਦੂ ਸਿੱਖ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਕੰਮ ਕਰਦੇ ਰਹਿਣਗੇ | ਜ਼ਿਕਰਯੋਗ ਹੈ ਕਿ ਅੰਮਿ੍ਤਸਰ ਉਤਰੀ ਹਲਕੇ ਤੋਂ 2007 ਵਿਚ 14000 ਵੋਟਾਂ ਅਤੇ 2012 ਵਿਚ 18000 ਵੋਟਾਂ ਦੇ ਫ਼ਰਕ ਨਾਲ ਬੀਜੇਪੀ ਦੀ ਟਿਕਟ 'ਤੇ ਵਿਧਾਇਕ ਚੋਣਾਂ ਜਿੱਤਣ ਵਾਲੇ ਅਨਿਲ ਜੋਸ਼ੀ 2012-17 ਦੌਰਾਨ ਪ੍ਰਕਾਸ਼ ਸਿੰਘ ਬਾਦਲ ਮੰਤਰੀ ਮੰਡਲ ਵਿਚ ਇੰਡਸਟਰੀ ਮੰਤਰੀ ਅਤੇ ਫਿਰ ਸਥਾਨਕ ਸਰਕਾਰਾਂ ਦੇ ਮੰਤਰੀ ਰਹਿ ਚੁੱਕੇ ਹਨ | ਅਨਿਲ ਜੋੋਸ਼ੀ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਉਹ ਆਉਂਦੀਆਂ ਚੋਣਾਂ ਵਿਚ ਅੰਮਿ੍ਤਸਰ ਉਤਰੀ ਹਲਕੇ ਤੋਂ ਹੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ | ਇਥੇ ਇਹ ਦਸਣਾ ਬਣਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਮਹੀਨਾ ਪਹਿਲਾਂ ਚੋਣ ਸਮਝੌਤੇ ਤਹਿਤ, ਬੀ.ਐਸ.ਪ. ਲਈ 20 ਸੀਟਾਂ ਛੱਡੀਆਂ ਸਨ ਜਿਨ੍ਹਾਂ ਵਿਚ ਅੰਮਿ੍ਤਸਰ ਉਤਰੀ ਹਲਕਾ ਵੀ ਸ਼ਾਮਲ ਹੈ | ਅਨਿਲ ਜੋੋਸ਼ੀ ਨੇ ਸਪਸ਼ਟ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਸ ਨੁਕਤੇ ਨੂੰ ਆਪ ਹੀ ਹੱਲ ਕਰ ਲੈਣਗੇ |
ਅੱਜ ਸ਼ਾਮ ਕੀਤੇ ਇਸ ਵੱਡੇ ਸਮਾਗਮ ਮੌਕੇ 'ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਦੇ ਨਾਲ ਨਾਲ 'ਜੈ ਸ੍ਰੀ ਰਾਮ', 'ਜੈ ਮਾਤਾ ਦੀ', 'ਹਰ ਹਰ ਮਹਾਂਦੇਵ' ਸਮੇਤ ਹਿੰਦੂ ਸਿੱਖ ਏਕਤਾ ਦੇ ਨਾਹਰੇ ਤੇ ਜੈਕਾਰੇ ਵਾਰ ਵਾਰ ਲਗਦੇ ਰਹੇ |
ਫ਼ੋਟੋ: ਸੰਤੋਖ ਸਿੰਘ ਵਲੋਂ