
'ਆਪ' ਨੇ ਕੇਂਦਰ ਤੋਂ ਰਸੋਈ ਗੈਸ ਕੀਮਤਾਂ ਘਟਾਉਣ ਅਤੇ ਪੰਜਾਬ ਸਰਕਾਰ ਤੋਂ ਕਿਸਾਨਾਂ ਲਈ ਵੈਟ ਮੁਕਤ ਡੀਜ਼ਲ ਦੀ ਕੀਤੀ ਮੰਗ।
ਚੰਡੀਗੜ: ਆਮ ਆਦਮੀ ਪਾਰਟੀ (AAP) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Singh Cheema) ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਤਾਜੇ ਵਾਧੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਅਸਮਾਨੀ ਚੜੀ ਮਹਿੰਗਾਈ ਨੇ ਹਰੇਕ ਵਰਗ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਕੇਂਦਰ ਸਰਕਾਰ ਪੈਟਰੋਲਿਅਮ ਪਦਾਰਥਾਂ (Petroleum Products) ਤੋਂ 300 ਪ੍ਰਤੀਸ਼ਤ ਦੇ ਵਾਧੇ ਨਾਲ ਟੈਕਸ ਇਕੱਠਾ ਕਰ ਰਹੀ ਹੈ, ਅਜੇ ਵੀ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਰੁਕ ਨਹੀਂ ਰਿਹਾ ਹੈ।
Harpal Singh Cheema
ਉਨ੍ਹਾਂ ਕਿਹਾ ਕਿ ਬੇਕਾਬੂ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਲਈ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਮੁੱਖ ਜ਼ਿੰਮੇਵਾਰ ਹੈ ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ (Punjab Congress) ਨੇ ਵੀ ਮਹਿੰਗਾਈ 'ਤੇ ਤੇਲ ਛਿੜਕਣ 'ਚ ਕੋਈ ਕਸਰ ਨਹੀਂ ਛੱਡੀ। ਨਤੀਜੇ ਵਜੋਂ ਤੇਲ, ਘਿਓ, ਗੈਸ, ਦਾਲਾਂ ਸਮੇਤ ਹੋਰ ਘਰੇਲੂ ਵਸਤਾਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ। ਸ਼ਨੀਵਾਰ ਨੂੰ ਪਾਰਟੀ ਦੇ ਦਫ਼ਤਰ ਤੋਂ ਬਿਆਨ ਜਾਰੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਸਵਾਲ ਚੁੱਕਿਆ, 'ਜਿਹੜੇ 2014 'ਚ ਵੋਟਾਂ ਲੈਣ ਲਈ ਗੈਸ ਸਿਲੰਡਰ ਲੈ ਕੇ ਮਹਿੰਗਾਈ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ, ਉਹ ਹੁਣ ਕਿਥੇ ਹਨ? ਉਸ ਵੇਲੇ 410 ਰੁਪਏ ਵਾਲਾ ਗੈਸ ਸਿਲੰਡਰ ਜੇ ਮਹਿੰਗਾ ਸੀ ਤਾਂ ਹੁਣ 896 ਰੁਪਏ 'ਚ ਮਿਲਣ ਵਾਲੇ ਸਿਲੰਡਰ ਬਾਰੇ ਭਾਜਪਾ ਨੇਤਾ ਕਿਉਂ ਨਹੀਂ ਬੋਲਦੇ? ਕੀ ਭਾਜਪਾ ਵਾਲਿਆ ਨੂੰ ਪਤਾ ਨਹੀਂ ਲੱਗਿਆ ਕਿ ਦੋ ਦਿਨ ਪਹਿਲਾਂ ਗੈਸ ਸਿਲੰਡਰ (Gas Cylinder) ਸਿੱਧਾ 25 ਰੁਪਏ ਮਹਿੰਗਾ ਕਰ ਦਿੱਤਾ ਗਿਆ?
PM Modi
ਚੀਮਾ ਨੇ ਕਿਹਾ ਕਿ ਅਸਮਾਨ ਛੂਹਦੀਆਂ ਤੇਲ, ਪੈਟਰੋਲ, ਗੈਸ, ਘਿਓ ਅਤੇ ਹੋਰ ਰਸੋਈ ਵਸਤਾਂ ਦੀਆਂ ਕੀਮਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰਾਂ ਸੱਤਾਧਾਰੀ ਸਰਕਾਰਾਂ ਲੋਕਾਂ ਨੂੰ ਲੁੱਟ ਰਹੀਆਂ ਹਨ। ਉਨਾਂ ਕਿਹਾ ਕਿ ਮੋਦੀ ਸਰਕਾਰ (Modi Government) ਪੈਟਰੋਲ 'ਤੇ 70 ਫ਼ੀਸਦੀ ਟੈਕਸ ਵਸੂਲ ਕੇ ਆਪਣਾ ਅਤੇ ਕਾਰੋਬਾਰੀ ਘਰਾਣਿਆਂ ਦਾ ਖ਼ਜ਼ਾਨਾ ਭਰਨ 'ਚ ਲੱਗੀ ਹੋਈ ਹੈ। ਚੀਮਾ ਨੇ ਅੰਕੜਿਆਂ ਨਾਲ ਦੱਸਿਆ ਕਿ ਕਿ ਮੋਦੀ ਸਰਕਾਰ ਦੇ ਰਾਜ 'ਚ ਪੈਟਰੋਲ 'ਤੇ ਆਬਕਾਰੀ ਕਰ 3 ਗੁਣਾ ਵੱਧ ਕੇ 33 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ ਦਾ ਹਾਲ ਇਸ ਤੋਂ ਵੀ ਮਾੜਾ ਹੈ ਕਿਉਂਕਿ ਡੀਜ਼ਲ 'ਤੇ 2014 ਨਾਲੋਂ 10 ਗੁਣਾ ਵੱਧ ਐਕਸਾਈਜ਼ ਡਿਊਟੀ ਲਾਗੂ ਹੋਣ ਕਾਰਨ ਇਸ ਵੇਲੇ 32 ਰੁਪਏ ਪ੍ਰਤੀ ਲੀਟਰ ਟੈਕਸ ਹੈ। ਉਨਾਂ ਦੱਸਿਆ ਕਿ ਮੋਦੀ ਸਰਕਾਰ ਨੇ ਲਗਾਤਾਰ ਤੇਲ ਉਤੇ ਟੈਕਸ ਵਧਾ (Raising Tax) ਕੇ ਖ਼ਜ਼ਾਨੇ 'ਚ 300 ਫ਼ੀਸਦੀ ਵਾਧਾ ਕਰਕੇ ਆਮ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ।
ਹਰਪਾਲ ਸਿੰਘ ਚੀਮਾ ਨੇ ਕਿਹਾ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਵੀ ਕੇਂਦਰ ਨਾਲੋਂ ਘੱਟ ਨਹੀਂ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਮਹਿੰਗਾਈ ਘੱਟ ਕਰਨ ਅਤੇ ਘਿਓ, ਖੰਡ, ਤੇਲ ਆਦਿ ਵਸਤਾਂ ਮੁਫ਼ਤ ਵੰਡਣ ਦੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਪਰ ਇਸ ਸਰਕਾਰ ਨੇ ਕਿਸੇ ਵੀ ਵਸਤੂ ਦੀ ਕੀਮਤ 'ਚ ਕਮੀ ਨਹੀਂ ਕੀਤੀ। ਪੰਜਾਬ ਦੀ ਕਾਂਗਰਸ ਸਰਕਾਰ ਪੈਟਰੋਲ 'ਤੇ 35 ਫ਼ੀਸਦੀ ਵੈਟ ਵਸੂਲ ਰਹੀ ਹੈ, ਜੋ ਸਮੁਚੇ ਦੇਸ਼ 'ਚ ਸਭ ਤੋਂ ਜ਼ਿਆਦਾ ਹੈ। ਚੀਮਾ ਨੇ ਇਹ ਵੀ ਦੱਸਿਆ ਕਿ ਖੇਤੀ ਪ੍ਰਧਾਨ ਸੂਬੇ 'ਚ ਕਿਸਾਨਾਂ ਤੋਂ ਡੀਜ਼ਲ 'ਤੇ 35 ਫ਼ੀਸਦੀ ਵੈਟ ਵਸੂਲਿਆ ਜਾ ਰਿਹਾ ਹੈ, ਜੋ ਕਾਂਗਰਸ ਸਰਕਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਸਬੂਤ ਹੈ। ਉਨਾਂ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨੂੰ ਵੈਟ ਮੁਕਤ ਡੀਜ਼ਲ ਮਿਲਣਾ ਚਾਹੀਦਾ ਹੈ।
Harpal Singh Cheema
ਚੀਮਾ ਨੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦੋਂ ਬੰਗਾਲ ਸਮੇਤ ਹੋਰਨਾਂ ਰਾਜਾਂ 'ਚ ਚੋਣਾਂ ਸਨ ਤਾਂ ਕੇਂਦਰ ਸਰਕਾਰ ਨੇ ਪੈਟਰੋਲ ਡੀਜ਼ਲ ਸਮੇਤ ਘਰੇਲੂ ਵਸਤਾਂ ਦੀਆਂ ਕੀਮਤਾਂ 'ਚ ਭੋਰਾ ਵਾਧਾ ਨਹੀਂ ਕੀਤਾ ਸੀ, ਪਰ ਹੁਣ ਤਿਉਹਰਾਂ ਦਾ ਦੌਰ ਹੋਣ 'ਤੇ ਹਰ ਵਸਤ ਦੀ ਕੀਮਤ ਵਿਚ ਵਾਧਾ ਹੋ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਸਰਕਾਰ ਦੇਸ਼ ਸੇਵਾ ਦੇ ਨਾਂ 'ਤੇ ਖੋਖਲੀ ਰਾਜਨੀਤੀ ਕਰਦੀ ਹੈ। ਉਨਾਂ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਆਮ ਲੋਕਾਂ ਦੀ ਲੁੱਟ ਜਾਰੀ ਰੱਖਣ ਕਰਕੇ ਹੀ ਪੈਟਰੋਲ ਅਤੇ ਡੀਜ਼ਲ ਨੂੰ GST ਦੇ ਅਧੀਨ ਨਹੀਂ ਲਿਆਂਦਾ ਜਾ ਰਿਹਾ ਹੈ, ਕਿਉਂਕਿ ਜੀਐਸਟੀ ਤਹਿਤ ਵੱਧ ਤੋਂ ਵੱਧ 28 ਪ੍ਰਤੀਸਤ ਟੈਕਸ ਹੀ ਲਗਾਇਆ ਜਾ ਸਕਦਾ ਹੈ।
ਭਾਰਤ ਵਿਚ ਇਸ ਵੇਲੇ ਸਾਰੇ ਦੱਖਣੀ ਏਸ਼ੀਆ ਵਿਚ ਸਭ ਤੋਂ ਮਹਿੰਗਾ ਪੈਟਰੋਲ ਡੀਜ਼ਲ ਮਿਲ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ 7 ਸਾਲਾਂ ਤੋਂ ਲਗਾਤਾਰ ਡਿੱਗਣ ਦੇ ਬਾਵਜੂਦ ਸਰਕਾਰ ਲੋਕਾਂ ਨੂੰ ਰਾਹਤ ਨਹੀਂ ਦੇ ਰਹੀ। ਉਨ੍ਹਾਂ ਦੱਸਿਆ ਕਿ 2016 ਵਿਚ ਜਦੋਂ ਕੱਚਾ ਤੇਲ 29 ਡਾਲਰ ਪ੍ਰਤੀ ਲੀਟਰ ਦੀ ਰਿਕਾਰਡ ਗਿਰਾਵਟ ਵਿਚ ਸੀ ਉਸ ਵੇਲੇ ਮੋਦੀ ਸਰਕਾਰ ਨੇ ਕੀਮਤਾਂ ਘਟਾਉਣ ਦੀ ਬਜਾਏ ਐਕਸਾਈਜ 54 ਫੀਸਦੀ, ਵੈਟ 46 ਫੀਸਦੀ ਅਤੇ ਡੀਲਰਾਂ ਦਾ ਕਮੀਸ਼ਨ 73 ਫੀਸਦੀ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਬੂਤ ਹੈ ਕਿ ਇਹ ਸਰਕਾਰ ਆਮ ਲੋਕਾਂ ਦੀ ਨਹੀਂ ਸਗੋਂ ਵੱਡੇ ਵਪਾਰੀ ਘਰਾਣਿਆਂ ਦੀ ਹੈ।