
ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਦੋ ਵਿਧਾਇਕਾਂ ਨਾਲ ਭਾਈ ਧਿਆਨ ਸਿੰਘ ਮੰਡ ਅੱਗੇ ਹੋਏ ਪੇਸ਼
ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਢਿਲੋਂ ਪੇਸ਼ ਨਾ ਹੋ ਸਕੇੇ
ਅੰਮਿ੍ਤਸਰ, 20 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਬੰਧੀ ਸਪੱਸ਼ਟੀਕਰਨ ਦੇਣ ਲਈ ਤਲਬ ਕੀਤੇ ਦੋ ਪੰਜਾਬ ਦੇ ਮੰਤਰੀਆਂ ਤੇ ਤਿੰਨ ਵਿਧਾਇਕਾਂ ਵਲੋਂ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅੱਗੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਐਮ ਐਲ ਏ ਹਰਮਿੰਦਰ ਸਿੰਘ ਗਿੱਲ ਪੱਟੀ ਅਤੇ ਕੁਲਬੀਰ ਸਿੰਘ ਜ਼ੀਰਾ ਪੇਸ਼ ਹੋਏ | ਇਨ੍ਹਾਂ ਵਲੋਂ ਬੰਦ ਲਿਫ਼ਾਫ਼ਾ ਭਾਈ ਮੰਡ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਦਿਤਾ | ਇਸ ਬੰਦ ਲਿਫ਼ਾਫ਼ੇ ਵਿਚ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ, ਕੁਲਬੀਰ ਸਿੰਘ ਜ਼ੀਰਾ ਆਦਿ ਦਾ ਸਾਂਝਾ ਸਪੱਸ਼ਟੀਕਰਨ ਹੈ | ਉਕਤ ਪੰਜ ਸ਼ਖ਼ਸੀਅਤਾਂ ਮੁੱਖ ਮੰਤਰੀ ਪੰਜਾਬ ਵਲੋਂ ਬਰਗਾੜੀ ਇਨਸਾਫ਼ ਮੋਰਚਾ ਖ਼ਤਮ ਕਰਵਾਉਣ ਲਈ ਭੇਜਿਆ ਗਿਆ ਸੀ, ਜਿਨ੍ਹਾਂ ਸਰਕਾਰ ਤਰਫ਼ੋਂ ਵਿਸ਼ਵਾਸ ਦਿਵਾਇਆ ਸੀ ਕਿ ਬੇਅਦਬੀਆਂ ਦੇ ਦੋਸ਼ੀ ਬੇਨਕਾਬ ਕਰ ਕੇ, ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਵਾਈਆਂ ਜਾਣਗੀਆਂ ਪਰ ਲੰਮਾ ਸਮਾਂ ਬੀਤਣ ਤੇ ਜਦ
ਅਸਫ਼ਲਤਾ ਸਾਹਮਣੇ ਆਈ ਤਾਂ ਭਾਈ ਧਿਆਨ ਸਿੰਘ ਮੰਡ ਨੇ ਉਕਤ ਸ਼ਖ਼ਸੀਅਤਾਂ ਨੂੰ ਸਪੱਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰ ਲਿਆ | ਭਾਈ ਮੰਡ ਨੇ ਕਿਹਾ ਕਿ 30 ਅਗੱਸਤ ਨੂੰ ਪੰਜ ਸਿੰਘ ਇਸ ਸਬੰਧੀ ਅਪਣਾ ਫ਼ੈਸਲਾ ਸੁਣਾਉਣਗੇ | ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਗ਼ੈਰ-ਮੌਜੂਦ ਰਹੇ | ਦਸਣਯੋਗ ਹੈ ਕਿ ਇਸ ਵੇਲੇ ਦੋ ਜਥੇਦਾਰ ਕੰਮ ਕਰ ਰਹੇ ਹਨ | ਸ਼੍ਰੋਮਣੀ ਕਮੇਟੀ ਵਲੋਂ ਅਧਿਕਾਰਤ ਜਥੇਦਾਰ ਗਿ. ਹਰਪ੍ਰੀਤ ਸਿੰਘ ਹਨ ਤੇ ਗਰਮ ਦਲਾਂ ਵਲੋਂ ਭਾਈ ਧਿਆਨ ਸਿੰਘ ਮੰਡ ਹਨ | ਭਾਈ ਧਿਆਨ ਸਿੰਘ ਮੰਡ ਦਾ ਸਾਥ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਛੱਡ ਗਏ ਹਨ ਜੋ ਸਰਬੱਤਾ ਖ਼ਾਲਸਾ ਚੱਬਾ ਦੁਆਰਾ ਨਿਯੁਕਤੇ ਕੀਤੇ ਗਏ ਸਨ | ਇਸ ਮੌਕੇ ਭਾਈ ਜਰਨੈਲ ਸਿੰਘ ਸਖੀਰਾ, ਭਾਈ ਹਰਬੀਰ ਸਿੰਘ ਸੰਧੂ ਤੇ ਦਿਹਾਤੀ ਕਾਂਗਰਸ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਵੀ ਮੌਜੂਦ ਸਨ |