
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਓ.ਬੀ.ਸੀ. ਸੋਧ ਬਿੱਲ ਨੂੰ ਦਿਤੀ ਮਨਜ਼ੂਰੀ
ਨਵੀਂ ਦਿੱਲੀ, 20 ਅਗੱਸਤ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਧਾਰਣ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਸੋਧ ਬਿੱਲ, 2021 ਨੂੰ ਮਨਜੂਰੀ ਦੇ ਦਿਤੀ ਹੈ। ਇਸ ਨਾਲ ਸਾਧਾਰਣ ਬੀਮਾ ਕਾਰੋਬਾਰ ਬਿੱਲ-1972 ’ਚ ਸੋਧ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਸਮਾਜਕ ਅਤੇ ਵਿਦਿਅਕ ਪੱਖੋਂ ਪਿਛੜੇ ਵਰਗਾਂ ਦੀ ਪਛਾਣ ਕਰਨ ਲਈ ਸੂਬਿਆਂ ਨੂੰ ਮਜਬੂਤ ਬਣਾਉਣ ਵਾਲੇ ਸੰਵਿਧਾਨ (105ਵੀਂ ਸੋਧ) ਐਕਟ, 2021 ਨੂੰ ਵੀ ਅਪਣੀ ਸਹਿਮਤੀ ਦੇ ਦਿਤੀ ਹੈ। ਸੰਵਿਧਾਨ (105ਵੀਂ ਸੋਧ) ਐਕਟ, 2021 ਸੰਸਦ ਦੁਆਰਾ 11 ਅਗੱਸਤ, 2021 ਨੂੰ ਪਾਸ ਕੀਤਾ ਗਿਆ ਸੀ। ਕਾਨੂੰਨ ਅਤੇ ਨਿਆਂ ਮੰਤਰਾਲਾ ਦੁਆਰਾ ਜਾਰੀ ਕੀਤੇ ਗਏ ਭਾਰਤ ਦੇ ਰਾਜਪੱਤਰ ’ਚ ਕਿਹਾ ਕਿ ਐਕਟ ਸੰਵਿਧਾਨ ਦੀ ਧਾਰਾ 338-ਬੀ (9) ’ਚ ਸੋਧ ਕਰੇਗਾ ਅਤੇ ਇਕ ਵਿਵਸਥਾ ਸ਼ਾਮਲ ਕਰੇਗਾ- ਬਸ਼ਰਤੇ ਕਿ ਇਸ ਭਾਗ ’ਚ ਕੁੱਝ ਵੀ ਧਾਰਾ 342 ਏ (3) ਦੇ ਉਦੇਸ਼ਾਂ ਲਈ ਲਾਗੂ ਨਹੀਂ ਹੋਵੇਗਾ।
ਐਕਟ ਮੁਤਾਬਕ, ਹਰੇਕ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼, ਕਾਨੂੰਨ ਦੁਆਰਾ, ਅਪਣੇ ਉਦੇਸ਼ਾਂ ਲਈ, ਸਮਾਜਕ ਅਤੇ ਵਿਦਿਅਕ ਪੱਖੋਂ ਪਿਛੜੇ ਵਰਗਾਂ ਦੀ ਇਕ ਸੂਚੀ ਤਿਆਰ ਕਰਕੇ ਰੱਖ ਸਕਦਾ ਹੈ, ਜਿਸ ਵਿਚ ਇੰਦਰਾਜ ਕੇਂਦਰੀ ਸੂਚੀ ਤੋਂ ਵੱਖਰੇ ਹੋ ਸਕਦੇ ਹਨ। (ਏਜੰਸੀ)