ਮੁਲਜ਼ਮਾਂ ਦੀਆਂ CCTV 'ਚ ਕੈਦ ਹੋਈਆਂ ਤਸਵੀਰਾਂ ਆਈਆਂ ਸਾਹਮਣੇ
ਮੁੱਖ ਮੁਲਜ਼ਮ ਫਤਿਹਵੀਰ ਨੂੰ ਮਿਲਿਆ ਸੀ ਲੁਧਿਆਣਾ ਦਾ ਸ਼ਾਮ ਸ਼ੁੰਦਰ
-15 ਅਗਸਤ ਸ਼ਾਮ 6:25 ਵਜੇ CCTV 'ਚ ਆਇਆ ਨਜ਼ਰ
-ਕੈਨੇਡਾ ਦੀ ਮਹਿਲਾ ਦਾ ਵੀ ਪਾਸਪੋਰਟ ਬਰਾਮਦ
- ਫਤਿਹਵੀਰ ਨੇ ਗੱਡੀ ਦੀ ਨੰਬਰ ਪਲੇਟ ਵੀ ਬਦਲੀ ਸੀ
-ਸ਼ਾਮ ਸੁੰਦਰ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਰਾਜਸਥਾਨ 'ਚ ਛਾਪੇਮਾਰੀ
ਚੰਡੀਗੜ੍ਹ : ਪੰਜਾਬ ਦੇ ਅੰਮ੍ਰਿਤਸਰ 'ਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ 'ਚ ਬੰਬ ਰੱਖਣ ਵਾਲਾ ਮੁੱਖ ਦੋਸ਼ੀ ਫਤਿਹਵੀਰ ਸਿੰਘ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਇਕ 5-ਸਿਤਾਰਾ ਹੋਟਲ 'ਚ ਠਹਿਰਿਆ ਹੋਇਆ ਸੀ। ਲੁਧਿਆਣਾ ਦਾ ਰਹਿਣ ਵਾਲਾ ਨੌਜਵਾਨ ਮਿੱਕੀ ਫਤਹਿਵੀਰ ਨੂੰ ਮਿਲਿਆ ਸੀ।
ਮਿਕੀ 'ਤੇ ਫਤਿਹਵੀਰ ਨੂੰ ਸਿਮ ਮੁਹੱਈਆ ਕਰਵਾਉਣ ਦਾ ਦੋਸ਼ ਸੀ। ਹਾਲਾਂਕਿ ਮਾਮਲੇ ਦੀ ਜਾਂਚ ਏਜੰਸੀਆਂ ਨੇ ਇਸ ਮਾਮਲੇ 'ਚ ਮਿਕੀ ਨੂੰ ਬਾਹਰ ਕੱਢ ਦਿੱਤਾ ਹੈ ਪਰ ਉਸ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਲੁਧਿਆਣਾ ਦਾ ਇੱਕ ਹੋਰ ਨੌਜਵਾਨ ਸ਼ਾਮ ਸੁੰਦਰ ਜੋ ਕਿ ਸੀਐਮਸੀ ਚੌਕ ਦਾ ਰਹਿਣ ਵਾਲਾ ਹੈ, ਵੀ ਹੋਟਲ ਦੇ ਸੀਸੀਟੀਵੀ ਕੈਮਰਿਆਂ ਵਿੱਚ ਨਜ਼ਰ ਆ ਰਿਹਾ ਹੈ। ਸ਼ਾਮ ਸੁੰਦਰ ਦੀ 15 ਅਗਸਤ ਨੂੰ ਹੋਟਲ ਵਿੱਚ ਫਤਹਿਵੀਰ ਨਾਲ ਮੁਲਾਕਾਤ ਹੋਣ ਬਾਰੇ ਪਤਾ ਲੱਗਾ ਹੈ। ਸ਼ਾਮ ਕਰੀਬ 6:25 ਵਜੇ ਦੀ ਉਸ ਦੀ ਫੁਟੇਜ ਸਾਹਮਣੇ ਆਈ ਹੈ।
ਜ਼ਿਲ੍ਹਾ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਸੁੰਦਰ ਦੇ ਹੋਟਲ ਦੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੇ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਸ਼ਾਮ ਸੁੰਦਰ ਨੂੰ ਜਗਰਾਉਂ ਪੁਲ ਤੱਕ ਆਉਂਦਾ ਦੇਖਿਆ ਗਿਆ। ਇਸ ਤੋਂ ਬਾਅਦ ਉਸ ਨੇ ਸਿਵਲ ਹਸਪਤਾਲ ਤੱਕ ਪੁਲਿਸ ਨੂੰ ਦਿਖਾਇਆ। ਸਿਵਲ ਹਸਪਤਾਲ ਤੋਂ ਬਾਅਦ ਉਹ ਦਿਖਾਈ ਨਹੀਂ ਦਿੱਤਾ।
ਪੁਲਿਸ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਿਸ ਤੋਂ ਬਾਅਦ ਪੁਲਿਸ ਨੂੰ ਸਫਲਤਾ ਮਿਲੀ। ਪੁਲਿਸ ਟੀਮਾਂ ਨੇ ਉਸ ਦੇ ਘਰ ਛਾਪੇਮਾਰੀ ਵੀ ਕੀਤੀ ਪਰ ਦੱਸਿਆ ਜਾ ਰਿਹਾ ਹੈ ਕਿ ਸ਼ਾਮ ਸੁੰਦਰ ਫਰਾਰ ਹੈ ਅਤੇ ਰਾਜਸਥਾਨ ਭੱਜ ਗਿਆ ਹੈ। ਪੁਲਿਸ ਦੇ ਹੱਥ ਇੱਕ ਪਾਸਪੋਰਟ ਵੀ ਲੱਗਿਆ ਹੈ। ਫਤਿਹਵੀਰ ਇਸ ਪਾਸਪੋਰਟ ਨਾਲ ਕੀ ਕਰਨਾ ਚਾਹੁੰਦਾ ਸੀ, ਇਹ ਜਾਂਚ ਦਾ ਵਿਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਔਰਤ ਦਾ ਇਹ ਪਾਸਪੋਰਟ ਹੈ, ਉਹ ਕੈਨੇਡਾ ਦੀ ਰਹਿਣ ਵਾਲੀ ਹੈ। ਪੁਲਿਸ ਜਾਂਚ ਕਰ ਰਹੀ ਹੈ, ਇਹ ਪਤਾ ਲਗਾਉਣ ਲਈ ਕਿ ਪਾਸਪੋਰਟ ਅਸਲੀ ਹੈ ਜਾਂ ਨਕਲੀ।
ਮੁਲਜ਼ਮ ਫਤਿਹਵੀਰ ਵੱਲੋਂ ਵਰਤੀ ਗਈ ਐਸਯੂਵੀ ਦੀ ਫੁਟੇਜ ਵੀ ਸੀਸੀਟੀਵੀ ਵਿੱਚ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਗੱਡੀ ਦੀ ਨੰਬਰ ਪਲੇਟ ਵੀ ਬਦਲ ਦਿੱਤੀ ਸੀ। ਫਤਿਹਵੀਰ ਅਤੇ ਹਰਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਹੁਣ ਰਾਜਸਥਾਨ 'ਚ ਛਾਪੇਮਾਰੀ ਕਰਨ ਗਈ ਹੈ, ਤਾਂ ਜੋ ਸ਼ਾਮ ਸੁੰਦਰ ਨੂੰ ਪੁੱਛਗਿੱਛ ਲਈ ਫੜਿਆ ਜਾ ਸਕੇ।