
ਜਿਨ੍ਹਾਂ ਲੋਕਾਂ ਨੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਰਚੀ ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾਵੇ, ਸਿਰਫ਼ ਸ਼ੂਟਰਾਂ ਨੂੰ ਸਜ਼ਾ ਦੇ ਕੇ ਇਨਸਾਫ਼ ਨਹੀਂ ਮਿਲਣਾ
ਮਾਨਸਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਹਨਾਂ ਦੇ ਘਰ ਪਹੁੰਚੇ ਪ੍ਰਸੰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦਾ ਪੁੱਤ ਉਨ੍ਹਾਂ ਵਿਚ ਮੌਜੂਦ ਨਹੀਂ ਹੈ ਪਰ ਉਨ੍ਹਾਂ ਨੂੰ ਆਪਣੇ ਪੁੱਤ 'ਤੇ ਹਮੇਸ਼ਾ ਮਾਣ ਰਹੇਗਾ ਕਿਉਂਕਿ ਉਹ ਭਗਤ ਬੰਦਾ ਸੀ ਕਿਸੇ ਨਾਲ ਉਸ ਦਾ ਕੋਈ ਲੜਾਈ ਝਗੜਾ ਨਹੀਂ ਸੀ, ਨਾ ਹੀ ਕਿਸੇ ਗੈਂਗਸਟਰ ਨਾਲ ਸਬੰਧ ਸਨ। ਉਹਨਾਂ ਕਿਹਾ ਕਿ ਜੇ ਕੋਈ ਮੇਰੇ ਪੁੱਤ ਦੇ ਕਿਸੇ ਗੈਂਗਸਟਰ ਨਾਲ ਸਬੰਧ ਸਾਬਤ ਕਰ ਦੇਵੇ ਤਾਂ ਉਸ ਦੀ ਸਜ਼ਾ ਮੈਂ ਭੁਗਤਾਂਗਾ।
Balkaur Singh and Sidhu moosewala
ਉਨ੍ਹਾਂ ਕਿਹਾ ਕਿ ਚਾਹੇ ਲੋਕ ਸਿੱਧੂ ਬਾਰੇ ਕਈ ਤਰ੍ਹਾਂ ਦੇ ਕੁਮੈਂਟ ਕਰਦੇ ਸੀ ਪਰ ਸਿੱਧੂ ਉਨ੍ਹਾਂ ਦਾ ਜਵਾਬ ਆਪਣੇ ਗੀਤਾਂ ਰਾਹੀਂ ਦਿੰਦਾ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਨੂੰ 90 ਦਿਨਾਂ ਦਾ ਸਮਾਂ ਦਿੱਤਾ ਸੀ, ਜੋ ਕਿ ਬੀਤ ਚੁੱਕਾ ਹੈ ਪਰ ਸਰਕਾਰ ਹੁਣ ਤੱਕ ਵੀ ਸਿੱਧੂ ਦੇ ਅਸਲ ਕਾਤਲਾਂ ਨੂੰ ਸਾਹਮਣੇ ਨਹੀਂ ਲਿਆ ਸਕੀ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਨਹੀਂ ਹੈ ਕਿ ਸਰਕਾਰ ਇਸ ਘਟਨਾ ਤੋਂ ਡਰੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕਾਤਲਾਂ ਨੂੰ ਸਰਕਾਰ ਵੱਲੋਂ ਭਾਰੀ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ 200 ਦੇ ਕਰੀਬ ਵਿਅਕਤੀ ਉਸ ਦੀ ਸੁਰੱਖਿਆ ਲਈ ਹੁੰਦੇ ਹਨ।
Sidhu Moosewala
ਇਨ੍ਹਾਂ ਹੀ ਨਹੀਂ ਸਗੋਂ ਉਨ੍ਹਾਂ ਕਾਤਲਾਂ ਨੂੰ ਬੁਲਟ ਪਰੂਫ ਗੱਡੀਆਂ 'ਚ ਪੇਸ਼ੀ ਲਈ ਲਿਆਂਦਾ ਜਾਂਦਾ ਹੈ। ਬਲਕੌਰ ਸਿੰਘ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਰਚੀ ਉਨ੍ਹਾਂ ਨੂੰ ਵੀ ਕਾਬੂ ਕੀਤਾ ਜਾਵੇ, ਸਿਰਫ਼ ਸ਼ੂਟਰਾਂ ਨੂੰ ਸਜ਼ਾ ਦੇ ਕੇ ਇਨਸਾਫ਼ ਨਹੀਂ ਮਿਲਣਾ। ਉਹਨਾਂ ਕਿਹਾ ਕਿ ਕਈ ਮੁਲਜ਼ਮ ਤਾਂ ਵਿਦੇਸ਼ ਭੱਜ ਗਏ ਹਨ ਅਤੇ ਸਰਕਾਰ ਉਨ੍ਹਾਂ ਨੂੰ ਹੁਣ ਤੱਕ ਵੀ ਕਾਬੂ ਨਹੀਂ ਕਰ ਸਕੀ।
Balkaur Singh
ਬਲਕੌਰ ਸਿੰਘ ਨੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ 'ਚ ਹਰ ਪਿੰਡ 'ਚ ਸਿੱਧੂ ਦੇ ਚਾਹੁਣ ਵਾਲੇ ਕੈਂਡਲ ਮਾਰਚ ਕੱਢਣ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਲਈ ਸੜਕਾਂ 'ਤੇ ਬੈਠਣਾ ਪਿਆ ਤਾਂ ਉਹ ਸੜਕਾਂ 'ਤੇ ਵੀ ਬੈਠਣਗੇ। ਬਲਕੌਰ ਸਿੰਘ ਨੇ ਕਿਹਾ ਮੈਂ ਸਰਕਾਰ ਤੋਂ ਹੁਣ ਵੀ ਉਮੀਦ ਰੱਖਦਾ ਹਾਂ ਅਤੇ ਇੱਕ ਹਫ਼ਤੇ ਬਾਅਦ ਅਸੀਂ ਇਨਸਾਫ਼ ਲਈ ਕੈਂਡਲ ਮਾਰਚ ਕੱਢਾਂਗੇ ਤਾਂ ਜੋ ਸਰਕਾਰ ਵੀ ਆਪਣੀ ਕਾਰਵਾਈ ਕਰ ਸਕੇ।