ਜਦੋਂ ਕਿਤੇ ਲੜਾਈ ਲੜਨੀ ਹੋਵੇ ਸਿੱਖ ਅੱਗੇ ਹੋਣ ਤੇ ਜਦੋਂ ਇਨਸਾਫ਼ ਦੀ ਗੱਲ ਹੁੰਦੀ ਹੈ ਤਾਂ ਉਦੋਂ ਸਿੱਖਾਂ ਨੂੰ ਪਿਛੇ ਕਰ ਦਿਤਾ ਜਾਂਦੈ ਤੇ ਇਹੀ ਸਾਡੀ ਕਿਸਮਤ ਹੈ ਅੱਜਕੱਲ
ਅਸੀਂ ਤਾਂ ਦੁਨੀਆਂ ਦੇ ਸੇਵਾਦਾਰ ਹਾਂ, ਸਰਬੱਤ ਦਾ ਭਲਾ ਮੰਗਦੇ ਹਾਂ : ਰਵੀ ਸਿੰਘ ਖ਼ਾਲਸਾ
ਚੰਡੀਗੜ੍ਹ : ਖ਼ਾਲਸਾ ਏਡ ਦੀਆਂ ਸੰਸਥਾਵਾਂ ’ਤੇ ਹੋਏ ਐਨਆਈਏ ਦੇ ਛਾਪੇ, ਦੇਸ਼ ਦੁਨੀਆਂ ਵਿਚ ਸੰਸਥਾ ਵਲੋਂ ਕੀਤੀ ਜਾਂਦੀ ਸੇਵਾ ਅਤੇ ਹੋਰ ਕੁੱਝ ਮੁੱਦਿਆਂ ਨੂੰ ਲੈ ਕੇ ‘ਖ਼ਾਲਸਾ ਏਡ’ ਦੇ ਬਾਨੀ ਸ. ਰਵੀ ਸਿੰਘ ਖ਼ਾਲਸਾ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਖ਼ਾਸ ਗੱਲਬਾਤ ਕੀਤੀ। ਰਵੀ ਸਿੰਘ ਖ਼ਾਲਸਾ ਨੇ ਗੱਲਬਾਤ ਦੇ ਸ਼ੁਰੂਆਤ ਵਿਚ ਹੀ ਕਿਹਾ ਕਿ ਉਹ ਲੋਕਾਂ ਦੀ ਜਿੰਨੀ ਵੀ ਸੇਵਾ ਕਰਦੇ ਹਨ ਉਹ ਸਿਰਫ਼ ਲੋਕਾਂ ਦੀ ਮਦਦ ਨਾਲ ਹੀ ਹੋ ਸਕਦਾ ਹੈ ਤੇ ਉਹ ਇਕੱਲਿਆਂ ਕੁੱਝ ਵੀ ਨਹੀਂ ਕਰ ਸਕਦੇ।
ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਉਨ੍ਹਾਂ ਨੂੰ ਨਫ਼ਰਤ ਕਰਨ ਵਾਲੇ ਉਨ੍ਹਾਂ ਨੂੰ ਬਹੁਤ ਮਾੜਾ ਬੋਲਦੇ ਹਨ ਪਰ ਉਹ ਫਿਰ ਵੀ ਸਬਰ ਰਖਦੇ ਹਨ ਤੇ ਉਨ੍ਹਾਂ ਨੂੰ ਕੁੱਝ ਨਹੀਂ ਬੋਲਦੇ, ਇਸ ਦੇ ਜਵਾਬ ਵਿਚ ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ ਕੁੱਝ ਲੋਕ ਤਾਂ ਉਨ੍ਹਾਂ ਨੂੰ ਉਹੀ ਸਵਾਲ ਕਰਦੇ ਹਨ ਜਿਹੜੇ ਉਨ੍ਹਾਂ ਨੂੰ ਕਰਨੇ ਚਾਹੀਦੇ ਹਨ ਜਿਵੇਂ ਕਿ ਅਸੀਂ ਕੀ ਕਰਦੇ ਹਾਂ, ਕਿਵੇਂ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਹੱਕ ਹੈ ਸਵਾਲ ਪੁਛਣਾ ਤੇ ਉਨ੍ਹਾਂ ਨੂੰ ਪੁਛਣੇ ਵੀ ਚਾਹੀਦੇ ਹਨ। ਇਹ ਗੱਲ ਤਾਂ ਉਹ ਆਪ ਵੀ ਕਹਿੰਦੇ ਹਨ ਕਿ ਲੋਕ ਜਦੋਂ ਮਰਜ਼ੀ ਜਿਹੜਾ ਸਵਾਲ ਕਰ ਸਕਦੇ ਹਨ। ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ ਦੂਜੇ ਲੋਕ ਹੁੰਦੇ ਨੇ ਨਫ਼ਰਤੀ ਤੇ ਉਨ੍ਹਾਂ ਨੂੰ ਖ਼ਾਲਸਾ ਸ਼ਬਦ ਰੜਕਦਾ ਹੈ। ਇਨ੍ਹਾਂ ਲੋਕਾਂ ਦੇ ਹਮਲਿਆਂ ਪਿਛੇ ਰਾਜਨੀਤਕ ਕਾਰਨ ਹੁੰਦਾ ਹੈ ਤੇ ਉਨ੍ਹਾਂ ਨੂੰ ਸਿੱਖਾਂ ਵਲੋਂ ਲਗਾਏ ਲੰਗਰ ਚੁਭਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਜਿੰਨੀ ਨਫ਼ਰਤ ਕਰਨਗੇ, ਉਹ ਉਨਾ ਹੀ ਹੋਰ ਅੱਗੇ ਵਧਣਗੇ।
ਅਪਣੀ ਸੰਸਥਾ ਦੀ ਸ਼ੁਰੂਆਤ ਨੂੰ ਲੈ ਕੇ ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ 1999 ਵਿਚ ਉਹ ਖ਼ਾਲਸੇ ਦਾ ਸਾਜਨਾ ਦਿਵਸ ਮਨਾ ਰਹੇ ਸਨ ਤੇ ਉਸ ਸਮੇਂ ਉਨ੍ਹਾਂ ਬੈਠਿਆਂ ਨੇ ਇਹ ਸੋਚਿਆ ਕਿ ਕਿਉਂ ਨਾ ਲੋਕਾਂ ਦੀ ਸੇਵਾ ਲਈ ਕੁੱਝ ਕਰੀਏ। ਉਨ੍ਹਾਂ ਕਿਹਾ ਕਿ ਅਸੀਂ ਇਹ ਤਾਂ ਕਹਿੰਦੇ ਰਹਿੰਦੇ ਹਾਂ ਕਿ ਅਸੀਂ ਖ਼ਾਲਸੇ ਹਾਂ ਪਰ ਖ਼ਾਲਸੇ ਦੀ ਤਰ੍ਹਾਂ ਕੰਮ ਨਹੀਂ ਕਰਦੇ। ਖ਼ਾਲਸੇ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਸੱਭ ਦੀ ਸੇਵਾ ਕਰਨਾ ਤੇ ਵੰਡ ਕੇ ਛਕਣਾ ਪਰ ਅਸੀਂ ਉਹ ਤਾਂ ਕਰਦੇ ਹੀ ਨਹੀਂ।
ਉਨ੍ਹਾਂ ਕਿਹਾ ਕਿ ਜਿਥੇ ਰਫਿਊਜੀ ਰਹਿੰਦੇ ਹਨ, ਗ਼ਰੀਬ ਰਹਿੰਦੇ ਹਨ ਉਥੇ ਲੰਗਰ ਦੀ, ਸਮਾਨ ਦੀ ਬਹੁਤ ਲੋੜ ਹੁੰਦੀ ਹੈ ਪਰ ਉਥੇ ਕੋਈ ਪਹੁੰਚਦਾ ਹੀ ਨਹੀਂ ਕਿਉਂਕਿ ਸਾਰੇ ਗੋਲਕਾਂ ਦੀਆਂ ਲੜਾਈਆਂ ਵਿਚ ਹੀ ਪੈ ਗਏ ਹਨ। ਉਨ੍ਹਾਂ ਦਸਿਆ ਕਿ ਦੂਜੀ ਗੱਲ ਇਹ ਸੀ ਕਿ ਜਦੋਂ 1989 ਵਿਚ ਉਨ੍ਹਾਂ ਦੇ ਭਰਾ ਚਰਨਦੀਪ ਸਿੰਘ ਚੰਦੀ, ਪਿੰਡ ਮੁੰਡੀਆਂ ਜੱਟਾਂ ਨੂੰ ਤਸੀਹੇ ਦੇ ਕੇ ਮਾਰਿਆ।
ਜਦੋਂ ਉਸ ਦੀ ਮੌਤ ਦੀ ਖ਼ਬਰ ਸੁਣੀ ਤਾਂ ਬਹੁਤ ਦੁੱਖ ਹੋਇਆ ਤੇ ਉਦੋਂ ਹੀ ਸੇਵਾ ਵਲ ਮੂੰਹ ਮੋੜਿਆ। ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ ਖ਼ਾਲਸਾ ਏਡ ਦਾ ਜੋ ਏਜੰਡਾ ਹੈ, ਉਸ ਨੂੰ ਅਤਿਵਾਦੀ ਕਹਿ ਦਿਤਾ ਗਿਆ। ਜੋ ਵੀ ਵਿਅਕਤੀ ਖ਼ਾਲਸੇ ਦਾ ਨਾਮ ਲੈਂਦਾ ਹੈ ਤੇ ਨਾਮ ਪਿਛੇ ਖ਼ਾਲਸਾ ਲਗਾ ਲੈਂਦਾ ਹੈ, ਉਸ ਨੂੰ ਗ਼ਲਤ ਕਿਹਾ ਜਾਂਦਾ ਹੈ।
ਰਵੀ ਸਿੰਘ ਖ਼ਾਲਸਾ ਨੇ ਅਪਣੇ ਆਪ ਨੂੰ ਗੁਰੂ ਦਾ ਨੌਕਰ ਦਸਿਆ ਤੇ ਕਿਹਾ ਕਿ ਜਿਵੇਂ ਬਾਬਾ ਨਾਨਕ ਪੂਰੀ ਦੁਨੀਆਂ ਘੁੰਮੇ ਸਨ ਤੇ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਦੀ ਗੱਲ ਕਹੀ ਸੀ, ਉਵੇਂ ਹੀ ਸਾਡੀ ਸੰਸਥਾ ਵੀ ਲੋਕਾਂ ਦੀ ਸੇਵਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਾਡੇ ’ਤੇ ਕੋਈ ਬਿਪਤਾ ਆਉਂਦੀ ਹੈ ਤਾਂ ਸਾਡੀ ਮਦਦ ਲਈ ਕੋਈ ਨਹੀਂ ਬਹੁੜਦਾ। 47 ਦੀ ਵੰਡ ਵੇਲੇ ਅਸੀਂ ਰਫ਼ਿਊਜੀ ਬਣੇ ਤੇ ਹੋਰ ਵੀ ਕਈ ਅਜਿਹੀਆਂ ਘੜੀਆਂ ਆਈਆਂ ਜਦੋਂ ਸਾਡੀ ਮਦਦ ਲਈ ਕੋਈ ਨਾ ਬਹੁੜਿਆ, ਖ਼ਾਸ ਕਰ ਕੇ ’47 ਵੇਲੇ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਹੈ ਤੇ ਜਦੋਂ ਉਨ੍ਹਾਂ ਸਾਹਮਣੇ ਕੋਈ ਗ਼ਰੀਬ ਭੁੱਖਾ ਬੈਠਾ ਹੋਵੇਗਾ ਤਾਂ ਉਨ੍ਹਾਂ ਦੇ ਵੀ ਅੰਦਰ ਰੋਟੀ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਸੇਵਾ ਵਿਚ ਤਾਂ 100 ਫ਼ੀ ਸਦੀ ਹੀ ਦੇਣਾ ਪੈਂਦਾ ਹੈ।
ਸਵਾਲ: ਜਦੋਂ ਸੰਗਤ ਵਲੋਂ ਖ਼ਾਲਸਾ ਏਡ ਲਈ ਪੈਸਾ ਇਕੱਠਾ ਹੁੰਦਾ ਹੈ ਤਾਂ ਕੀ ਉਸ ਨਾਲ ਕਿਸੇ ਹੋਰ ਧਰਮ ਦੇ ਲੋਕ ਵੀ ਜੁੜਦੇ ਹਨ ਜਾਂ ਫਿਰ ਇਕੱਲੇ ਸਿੱਖ ਹੀ ਹਨ?
ਜਵਾਬ: ਇਸ ਨਾਲ 95 ਫ਼ੀ ਸਦੀ ਤਾਂ ਸਿੱਖ ਹੀ ਹਨ ਪਰ ਹੁਣ ਤਕ ਸੱਭ ਤੋਂ ਵੱਡਾ ਡੋਨੇਸ਼ਨ ਸਾਨੂੰ ਹੈਰੀਪਾਰਟਰ ਦੇ ਲੇਖ ਰਾਊਲਿੰਗ ਤੋਂ ਮਿਲਿਆ ਹੈ ਤੇ ਬੈਲਜੀਅਮ ਵਿਚ ਕੋਈ ਕਿੰਗ ਫ਼ੰਡ ਹੈ ਉਸ ਨੇ ਵੀ ਸੰਸਥਾ ਨੂੰ ਕਈ ਫ਼ੰਡ ਦਿਤੇ। ਸੰਗਤ ਜਦੋਂ ਵੀ ਸਾਨੂੰ ਫ਼ੰਡ ਦਿੰਦੀ ਹੈ ਤਾਂ ਉਹ ਸੋਚ ਸਮਝ ਕੇ ਦਿੰਦੀ ਹੈ।
ਸਵਾਲ: ਤੁਹਾਡੀ ਸੰਸਥਾ ਦੀ ਜਨਮ ਭੂਮੀ ਪੰਜਾਬ ਹੈ ਪਰ ਸ਼ਾਇਦ ਇਸ ਨੂੰ ਤੁਸੀਂ ਅਪਣੀ ਕਰਮਭੂਮੀ ਨਾ ਬਣਾ ਪਾਉ। ਜ਼ਿਆਦਾ ਦੇਰ ਤਕ ਜਿਸ ਤਰ੍ਹਾਂ ਦੇ ਹਾਲਾਤ ਹਨ ਤੇ ਇਸ ਤੋਂ ਇਲਾਵਾ ਜੋ ਐਨਆਈਏ ਦੇ ਛਾਪੇ ਪਏ, ਇਸ ਬਾਰੇ ਤੁਸੀਂ ਕੀ ਸੋਚਦੇ ਹੋ?
ਜਵਾਬ: ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ ਅਸੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਇਰਾਕ ਵਿਚ ਰਜਿਸਟਰਡ ਹਾਂ ਤੇ ਅੱਗੇ ਵੀ ਸਾਰੇ ਪਾਸੇ ਰਜਿਸਟਰ ਹੋ ਰਹੇ ਹਾਂ ਤੇ ਸਾਨੂੰ ਇੱਦਾਂ ਦੀ ਕਦੇ ਵੀ ਮੁਸ਼ਕਲ ਨਹੀਂ ਆਈ ਕਿ ਸਾਡੇ ਸੀਨੀਅਰ ਪ੍ਰਵਾਰਾਂ ’ਤੇ ਛਾਪੇ ਮਾਰੇ ਗਏ ਹੋਣ ਤੇ ਸਾਨੂੰ ਕਈ ਚੈਲੰਜ ਵੀ ਕਰਦੇ ਹਨ ਕਿਉਂਕਿ ਅਸੀਂ ਉਸ ਥਾਂ ’ਤੇ ਕੰਮ ਕਰਦੇ ਹਾਂ ਜਿਥੇ ਜੰਗ ਲੱਗੀ ਹੋਵੇ।
ਸਾਨੂੰ ਲੰਮੇ ਸਵਾਲ ਕੀਤੇ ਜਾਂਦੇ ਹਨ ਜਿਸ ਦੇ ਸਾਨੂੰ ਜਵਾਬ ਦੇਣੇ ਵੀ ਪੈਂਦੇ ਹਨ ਪਰ ਸਮਝ ਨਹੀਂ ਆਉਂਦੀ ਕਿ ਐਨਆਈਏ ਜੇ ਦੇਸ਼ ਵਿਚ ਇੰਨੀ ਹੀ ਸੁਲਝੀ ਹੋਈ ਏਜੰਸੀ ਹੈ ਤਾਂ ਜੇ ਅਸੀਂ ਕੋਈ ਗ਼ਲਤ ਕੰਮ ਕਰਦੇ ਹਾਂ ਤਾਂ ਸਾਨੂੰ ਹੱਥਕੜੀਆਂ ਲਗਾ ਸਕਦੇ ਹਨ ਪਰ ਜਿਵੇਂ ਅਮਰਪ੍ਰੀਤ ਦੇ ਘਰ ਜਾ ਕੇ ਸਵੇਰੇ 5 ਵਜੇ ਛਾਪੇਮਾਰੀ ਕੀਤੀ ਗਈ, ਇਹ ਸਿਰਫ਼ ਰਾਜਨੀਤਕ ਤਸ਼ੱਦਦ ਹੈ, ਹੋਰ ਕੁੱਝ ਨਹੀਂ।
ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਮੁਸ਼ਕਲ ਹੈ ਤਾਂ ਸਾਡੇ ਕੋਲੋਂ ਸਿੱਧੇ ਸਵਾਲ ਪੁਛਣ ਪਰ ਜਦੋਂ ਇੱਦਾਂ ਛਾਪੇ ਮਾਰੇ ਜਾਂਦੇ ਹਨ ਤਾਂ ਧੱਕਾ ਲਗਦਾ ਹੈ। ਰਵੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸ਼ੁਰੂਆਤ ਗੁਰੂ ਤੋਂ ਹੋਈ ਹੈ, ਗੁਰੂ ਦੀ ਬਾਣੀ ਤੋਂ ਹੋਈ ਹੈ ਪਰ ਸੱਚ ਇਹ ਵੀ ਹੈ ਕਿ ਅਸੀਂ ਕਿਸੇ ਸਰਕਾਰ ਨਾਲ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਯੂਕੇ ਵਿਚ ਉਹ ਖੁਲ੍ਹ ਕੇ ਸਰਕਾਰ ਦੀ ਗ਼ਲਤੀ ਕੱਢ ਸਕਦੇ ਹਨ ਜਿਸ ਲਈ ਉਨ੍ਹਾਂ ਦੇ ਟਵਿੱਟਰ ਅਕਾਊਂਟ ਬੰਦ ਨਹੀਂ ਕੀਤੇ ਜਾਂਦੇ ਪਰ ਭਾਰਤ ਵਿਚ ਤਾਂ ਸਾਡੇ ਟਵਿੱਟਰ ਅਕਾਊਂਟ ਹੀ ਬੰਦ ਹੋ ਜਾਂਦੇ ਹਨ।
ਸਵਾਲ: ਛਾਪੇ ਤੋਂ ਬਾਅਦ ਤੁਹਾਡੇ ਹੱਕ ਵਿਚ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਆਈਆਂ, ਚਾਹੇ ਉਹ ਭਾਜਪਾ, ‘ਆਪ’ ਜਾਂ ਕਾਂਗਰਸ ਹੋਵੇ, ਉਸ ਤੋਂ ਬਾਅਦ ਰਵਈਏ ਵਿਚ ਕੁੱਝ ਬਦਲਾਅ ਆਇਆ?
ਜਵਾਬ: ਦੇਖੋ 2019 ਵਿਚ ਅਸੀਂ ਪੰਜਾਬ ਵਿਚ ਸੇਵਾ ਕੀਤੀ ਜਦੋਂ ਹੜ੍ਹ ਆਏ ਸਨ ਤੇ ਹੁਣ ਵੀ ਸਾਡੇ ਵਲੰਟੀਅਰ ਸੇਵਾ ਵਿਚ ਲੱਗੇ ਹੋਏ ਹਨ। ਸਾਡੇ ਪੰਜਾਬ ਦੀ ਇਕ ਸੰਸਥਾ ਪੂਰੀ ਦੁਨੀਆਂ ਦੀ ਸੇਵਾ ਕਰਦੀ ਹੈ ਨਾ ਕਿ ਸਿਰਫ਼ ਪੰਜਾਬ ਦੀ, ਹਾਂ ਜੋ ਸਰਕਾਰ ਨੇ ਸਾਡਾ ਸਾਥ ਦਿਤਾ ਉਸ ਲਈ ਧਨਵਾਦ ਪਰ ਅਸੀਂ ਕਿਸੇ ਵੀ ਸਰਕਾਰ ਨਾਲ ਨਹੀਂ ਹਾਂ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਨਰਾਜ਼ਗੀ ਹੈ ਕਿ ਉਨ੍ਹਾਂ ਕੋਲੋਂ ਇਕ ਟਵੀਟ ਵੀ ਨਹੀਂ ਹੋਇਆ ਹਾਲਾਂਕਿ ਇਹ ਸੰਸਥਾ ਪੂਰੀ ਦੁਨੀਆਂ ਵਿਚ ਸੇਵਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਟਿਆਲਾ ਵਿਚ ਉਨ੍ਹਾਂ ਦਾ ਹੈੱਡ ਦਫ਼ਤਰ ਹੈ ਤੇ ਇਸ ਛਾਪੇ ਲਈ ਉਨ੍ਹਾਂ ਨੂੰ ਦੁਖੀ ਹੋਣਾ ਚਾਹੀਦਾ ਹੈ, ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹੀ ਟਵੀਟ ਨਾ ਕਰੇ। ਰਵੀ ਸਿੰਘ ਨੇ ਕਿਹਾ ਕਿ ਇਹ ਏਜੰਸੀਆਂ ਤਾਂ ਬਣੀਆਂ ਹਨ ਕਿ ਤੁਸੀਂ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰੋ ਪਰ ਜੇ ਇਹ ਏਜੰਸੀਆਂ ਹੀ ਕਾਨੂੰਨ ਤੋੜਨਗੀਆਂ ਤਾਂ ਤੁਹਾਡਾ ਭਵਿੱਖ ਕੀ ਹੋਵੇਗਾ?
ਸਵਾਲ : ਏਐਨਆਈ ਨੇ ਜੋ ਇਲਜ਼ਾਮ ਲਗਾਇਆ ਹੈ ਕਿ ਜੋ ਤੁਹਾਡੀ ਸੰਸਥਾ ਵਲੋਂ ਕੁੱਝ ਅਜਿਹੀਆਂ ਸੰਸਥਾਵਾਂ ਨੂੰ ਸਮਰਥਨ ਹੈ ਕਿ ਜੋ ਨੌਜਵਾਨਾਂ ਨੂੰ ਗ਼ਲਤ ਰਾਹ ਲੈ ਕੇ ਜਾਂਦੀਆਂ ਹਨ ਉਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ: ਜੇ ਸਬੂਤ ਹੈ ਤਾਂ ਆ ਕੇ ਫੜ ਲੈਣ ਤੇ ਦੂਜੀ ਗੱਲ ਜੋ ਭਾਰਤੀ ਸੰਸਥਾ ਹੈ ਖ਼ਾਲਸਾ ਏਡ ਦੀ, ਉਸ ਕੋਲ ਤਾਂ ਬਾਹਰ ਦੀ ਫ਼ੰਡਿੰਗ ਲੈਣ ਦਾ ਲਾਇਸੈਂਸ ਹੀ ਨਹੀਂ ਹੈ ਤਾਂ ਫਿਰ ਫ਼ੰਡਿੰਗ ਕਿਵੇਂ ਆਵੇਗੀ?
ਸਵਾਲ: ਇਹ ਛਾਪੇ ਸ਼ਾਇਦ ਤੁਹਾਡੇ ’ਤੇ ਤਾਂ ਪਏ ਹੀ ਹਨ ਕਿਉਂਕਿ ਜੋ ਇੰਗਲੈਂਡ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਹੋਇਆ ਸੀ ਤੇ ਉਸ ਵਿਚ ਜੋ ਨਾਮ ਆ ਰਹੇ ਹਨ ਉਨ੍ਹਾਂ ਵਿਚ ਰਵੀ ਸਿੰਘ ਦਾ ਨਾਮ ਵੀ ਹੈ, ਤਾਂ ਹੀ ਸ਼ਾਇਦ ਇਹ ਛਾਪੇ ਪਏ ਹਨ?
ਜਵਾਬ: ਦੇਖੋ ਅਵਤਾਰ ਸਿੰਘ ਖੰਡਾ ਸਾਡਾ ਭਰਾ ਸੀ ਤੇ ਉਸ ਦੇ ਪਿਤਾ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਪਰ ਜੋ ਭਾਰਤੀ ਮੀਡੀਆ ਹੈ ਉਹ ਸ਼ਬਦਾਂ ਨੂੰ ਬਹੁਤ ਬਦਲਦਾ ਹੈ ਤੇ ਉਨ੍ਹਾਂ ਕਿਹਾ ਕਿ ਉਸ ਨੇ ਚੜ੍ਹ ਕੇ ਝੰਡਾ ਉਤਾਰਿਆ ਪਰ ਸਾਨੂੰ ਪਤਾ ਹੈ ਕਿ ਉਸ ਨੇ ਝੰਡੇ ਨਾਲ ਛੇੜਛਾੜ ਨਹੀਂ ਕੀਤੀ। ਫਿਰ ਜਦੋਂ ਉਸ ਦੀ ਇਥੇ ਮੌਤ ਹੋ ਗਈ ਤੇ ਚਿੱਠੀਆਂ ਪਾਈਆਂ ਗਈਆਂ ਕਿ ਇਥੇ ਆ ਕੇ ਸਸਕਾਰ ਕਰੋ।
ਉਨ੍ਹਾਂ ਨੇ ਸਿੱਧੇ ਤੌਰ ’ਤੇ ਭਾਰਤੀ ਮੀਡੀਆ ਨੂੰ ਭਿ੍ਰਸ਼ਟਾਚਾਰੀ ਦਸਿਆ ਤੇ ਕਿਹਾ ਕਿ ਮੀਡੀਆ ਨੇ ਇਹ ਖ਼ਬਰਾਂ ਸਾਂਝੀਆਂ ਕੀਤੀਆਂ ਕਿ ਖੰਡਾ ਇਸ ਸਾਰੀ ਘਟਨਾ ਵਿਚ ਸ਼ਾਮਲ ਸੀ ਪਰ ਉਹ ਕਿਧਰੇ ਵੀ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਯੂਕੇ ਦੀਆਂ ਏਜੰਸੀਆਂ ਇੰਨੀਆਂ ਤਾਕਤਵਰ ਹਨ ਕਿ ਉਹ ਦੂਜੀਆਂ ਏਜੰਸੀਆਂ ਨੂੰ ਵੀ ਟ੍ਰੇਨ ਕਰਦੀਆਂ ਹਨ ਤੇ ਜੇ ਖੰਡਾ ਅਪਰਾਧੀ ਸੀ ਤਾਂ ਉਸ ਨੂੰ ਗਿ੍ਰਫ਼ਤਾਰ ਕਿਉਂ ਨਹੀਂ ਕੀਤਾ?
ਸਵਾਲ : ਜੇ ਅਸੀਂ ਖ਼ਾਲਿਸਤਾਨ ਦੀ ਪ੍ਰੀਭਾਸ਼ਾ ਵੀ ਦੇਣੀ ਹੋਵੇ ਤਾਂ ਉਸ ਵਿਚ ਵੀ ਬਹੁਤ ਫ਼ਰਕ ਹੈ। ਲੜਾਈ ਪੈ ਜਾਂਦੀ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਅਵਤਾਰ ਸਿੰਘ ਖੰਡਾ ਨਿਰਦੋਸ਼ ਹਨ ਪਰ ਜਦੋਂ ਯੂਕੇ ਵਿਚ ਭਾਰਤੀ ਅੰਬੈਸੀ ’ਤੇ ਹਮਲਾ ਹੁੰਦਾ ਹੈ ਤਾਂ ਗ਼ਲਤ ਅਫ਼ਵਾਹਾਂ ਫੈਲਦੀਆਂ ਹਨ ਤਾਂ ਦੂਰੀਆਂ ਨੂੰ ਘਟਾਇਆ ਕਿੱਦਾਂ ਜਾ ਸਕਦਾ ਹੈ ਕਿਉਂਕਿ ਸ਼ਾਇਦ ਪੰਜਾਬ ਵਿਚ ਕੁੱਝ ਲੋਕ ਇੱਦਾਂ ਦੇ ਬੈਠੇ ਹਨ ਜੋ ਕਿ ਵਿਦੇਸ਼ ਵਿਚ ਜਾ ਕੇ ਗ਼ਲਤ ਅਫ਼ਵਾਹਾਂ ਫੈਲਾਉਂਦੇ ਨੇ ਜਿਸ ਦਾ ਅਸਰ ਪੰਜਾਬ ’ਤੇ ਪੈਂਦਾ ਹੈ ਇਸ ਨੂੰ ਰੋਕਿਆ ਕਿੱਦਾਂ ਜਾਵੇਗਾ ਕਿਉਂਕਿ ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਪੰਜਾਬ ਵਿਚ ਨਿਵੇਸ਼ ਦੀ ਗੱਲ ਵੀ ਬੰਦ ਹੋ ਜਾਂਦੀ ਹੈ ਇਹ ਸੱਭ ਕਿਵੇਂ ਰੁਕੇਗੀ?
ਜਵਾਬ: ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਡੇ ਸਾਰੇ ਧਰਮਾਂ ਵਿਚ ਦੋਸਤ ਹਨ ਪਰ ਅਸੀਂ ਉਨ੍ਹਾਂ ’ਤੇ ਦਬਾਅ ਨਹੀਂ ਪਾਉਂਦੇ ਕਿ ਤੂੰ ਇਹ ਬਣ ਜਾਂ ਫਿਰ ਸਾਡੀ ਮਰਜ਼ੀ ਨਾਲ ਕੰਮ ਕਰ, ਸਾਡੇ ਮਨ ਵਿਚ ਸੱਭ ਲਈ ਆਦਰ ਹੈ। ਜਿਵੇਂ ਹੁਣ ਜੇ ਅਵਤਾਰ ਸਿੰਘ ਖੰਡਾ ਖ਼ਾਲਿਸਤਾਨ ਮੰਗਦਾ ਵੀ ਸੀ ਤਾਂ ਉਹ ਉਸ ਦਾ ਹੱਕ ਹੈ ਕਿਉਂਕਿ ਕੋਰਟ ਨੇ ਵੀ ਇਹ ਕਿਹਾ ਹੋਇਆ ਹੈ ਕਿ ਇਕ ਬੰਦੇ ਵਲੋਂ ਮੰਗ ਕਰਨ ਦਾ ਹੱਕ ਹੈ ਜੇ ਉਹ ਕਿਸੇ ਨੂੰ ਪ੍ਰੇਰਿਤ ਕਰਦਾ ਹੋਵੇ ਕਿ ਤੁਸੀਂ ਹਥਿਆਰ ਚੁਕੋ ਉਹ ਗੱਲ ਗ਼ਲਤ ਸੀ ਪਰ ਉਹ ਨਿਰਦੋਸ਼ ਸੀ।
ਰਵੀ ਸਿੰਘ ਖ਼ਾਲਸਾ ਨੇ ਕਿਹਾ ਕਿ ਅਵਤਾਰ ਸਿੰਘ ਖੰਡਾ ਨੇ ਕਿਸੇ ਨੂੰ ਵੀ ਗ਼ਲਤ ਕੰਮਾਂ ਵਲ ਜਾਣ ਲਈ ਪ੍ਰੇਰਿਤ ਨਹੀਂ ਕੀਤਾ। ਜਦੋਂ ਵੀ ਖੰਡਾ ਦਾ ਉਨ੍ਹਾਂ ਨੂੰ ਫ਼ੋਨ ਆਉਂਦਾ ਸੀ ਤਾਂ ਹਮੇਸ਼ਾ ਗ਼ਰੀਬਾਂ ਦੀ ਮਦਦ ਲਈ ਆਉਂਦਾ ਸੀ ਕਿ ਕਿਹੜੀ ਥਾਂ ਮਦਦ ਦੀ ਲੋੜ ਹੈ ਕੋਈ ਭੁੱਖਾ ਹੈ ਜਾਂ ਕੋਈ ਗ਼ਰੀਬ ਹੈ। ਕਾਨੂੰਨ ਤਾਂ ਸੱਭ ਲਈ ਸੱਭ ਥਾਂ ਇਕੋ ਜਿਹਾ ਹੁੰਦਾ ਹੈ ਜੇ ਕੋਈ ਅਪਰਾਧ ਕਰੇਗਾ ਤਾਂ ਉਸ ਨੂੰ ਫੜਨਾ ਚਾਹੀਦਾ ਹੈ ਪਰ ਭਾਰਤ ਵਿਚ ਮਨੀਪੁਰ ਤੇ ਹਰਿਆਣਾ ਵਿਚ ਕੀ ਕੁੱਝ ਹੋਇਆ, ਉਨ੍ਹਾਂ ਘਟਨਾਵਾਂ ’ਤੇ ਸਾਰੇ ਚੁੱਪ ਹਨ ਪਰ ਜੋ ਲੋਕ ਸੇਵਾ ਕਰ ਰਹੇ ਹਨ, ਉਨ੍ਹਾਂ ’ਤੇ ਕਾਰਵਾਈ ਹੋ ਰਹੀ ਹੈ।
ਸਵਾਲ: ਤੁਸੀਂ ਤਾਂ ਸੇਵਾ ਦਾ ਰਾਹ ਫੜ ਕੇ ਕਾਲੇ ਦੌਰ ਵਿਚੋਂ ਦੇ ਦਰਦ ਵਿਚੋਂ ਨਿਕਲ ਗਏ ਪਰ ਤੁਸੀਂ ਹੋਰਾਂ ਨੂੰ ਕੀ ਸੇਧ ਦਿਉਗੇ ਕਿਉਂਕਿ ਸਾਡੇ ਨੌਜਵਾਨ ਜੋਸ਼ ਵਿਚ ਮੰਗਦੇ ਨੇ ਕਿ ਆਜ਼ਾਦੀ ਦਿਉ ਪਰ ਫਿਰ ਉਨ੍ਹਾਂ ਨੂੰ ਕਦੇ-ਕਦੇ ਇਹ ਵੀ ਨਹੀਂ ਪਤਾ ਹੁੰਦਾ ਕਿ ਪਹਿਲਾਂ ਗੱਲ ਪਾਣੀਆਂ ਦੀ ਸੀ ਤੇ ਕਾਲੇ ਦੌਰ ਦੀ ਸੀ?
ਜਵਾਬ - 80-82 ਵਿਚ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀ ਜਿਸ ਵਿਚ ਸਾਰੇ ਪੰਜਾਬ ਦੇ ਲੋਕ ਇਕੱਠੇ ਸਨ, ਪੰਜਾਬ ਵਿਚ ਸਾਰੇ ਧਰਮ ਹਨ ਪਰ ਇਕੱਠੇ ਹਨ ਤੇ ਉਸ ਸਮੇਂ ਇਕ ਗ਼ਲਤ ਪ੍ਰਚਾਰ ਕੀਤਾ ਗਿਆ ਕਿ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਖ਼ਾਲਿਸਤਾਨ ਦੀ ਮੰਗ ਕਰਦੇ ਸਨ ਪਰ ਨਹੀਂ, ਦਰਬਾਰ ਸਾਹਿਬ ’ਤੇ ਹਮਲੇ ਤੋਂ ਇਕ ਦਿਨ ਪਹਿਲਾਂ ਇਹ ਕਿਹਾ ਗਿਆ ਸੀ ਕਿ ਜੇ ਮਿਲਟਰੀ ਨੇ ਹਮਲਾ ਕੀਤਾ, ਫਿਰ ਇਥੇ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਅਸੀਂ ਨਾ ਤਾਂ ਖ਼ਾਲਿਸਤਾਨ ਵਿਰੁਧ ਹਾਂ ਤੇ ਨਾ ਹੀ ਅਸੀਂ ਮੰਗਦੇ ਹਾਂ
ਪਰ ਜੇ ਦੇ ਦਿਤਾ ਤਾਂ ਅਸੀਂ ਲੈ ਲਵਾਂਗੇ, ਉਵੇਂ ਹੀ ਜਦੋਂ ਪੰਜਾਬ ਦੇ ਹੱਕ ਮੰਗੇ ਤਾਂ ਸਾਡੇ ਉਪਰ ਟੈਂਕ ਚੜ੍ਹਾਏ ਗਏ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਉਸ ਸਮੇਂ ਖ਼ਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ ਪਰ ਇਨ੍ਹਾਂ ਨੇ ਸਾਡੇ ਕਿੰਨੇ ਨੌਜਵਾਨ ਮਾਰੇ ਜਿਸ ਦਾ ਕੋਈ ਰਿਕਾਰਡ ਨਹੀਂ ਹੈ, ਸਾਡੀ ਇਕ ਪੀੜ੍ਹੀ ਗਵਾਚ ਗਈ ਤੇ ਉਸ ਸਮੇਂ ਕੋਈ ਰਿਕਾਰਡ ਨਹੀਂ ਸੀ ਪਰ ਹੁਣ ਜਿਵੇਂ ਹੀ ਰਿਕਾਰਡ ਆ ਰਿਹਾ ਹੈ ਤਾਂ ਸਾਡੇ ਨੌਜਵਾਨ ਜਾਣੂ ਹੋ ਰਹੇ ਹਨ ਅਤੇ ਗੁੱਸੇ ਵਿਚ ਆ ਰਹੇ ਹਨ।
ਉਨ੍ਹਾਂ ਨੇ ਇਕ ਉਦਾਹਰਣ ਦਿੰਦਿਆਂ ਕਿਹਾ ਕਿ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਤਾਂ ਜੇਲ ਵਿਚੋਂ ਬਾਹਰ ਕੱਢ ਦਿਤਾ ਗਿਆ ਜਿਨ੍ਹਾਂ ਨੇ ਉਸ ਮਹਿਲਾ ਨਾਲ ਕਰੂਰਤਾ ਨਾਲ ਬਲਾਤਕਾਰ ਕੀਤਾ ਪਰ ਸਾਡੇ ਸਿੱਖ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਉਨ੍ਹਾਂ ਨੂੰ ਬਾਹਰ ਨਹੀਂ ਕਢਿਆ ਜਾ ਰਿਹਾ, ਇਹ ਇਨਸਾਫ਼ ਹੈ? ’84 ਤੋਂ ਬਾਅਦ ਕਿਹਾ ਕਿ ਹਥਿਆਰ ਪਾਕਿਸਤਾਨ ਤੋਂ ਆ ਰਹੇ ਹਨ ਤੇ ਜੇ ਤੁਸੀਂ ਹਥਿਆਰ ਰੋਕ ਸਕਦੇ ਹੋ ਤਾਂ ਨਸ਼ਾ ਕਿਉਂ ਨਹੀਂ ਰੋਕ ਸਕਦੇ? ਕਿਉਂਕਿ ਸਾਡੇ ਰਾਜਨੀਤਕ ਲੀਡਰ ਇਸ ਨਾਲ ਜੁੜੇ ਹੋਏ ਹਨ। ਸਾਡੇ ਮੁੱਖ ਮੰਤਰੀ ਹੀ 40 ਸਾਲਾਂ ਤਕ ਸੱਭ ਖਾਈ ਗਏ ਜੇ ਸਾਡੇ ਪੰਜਾਬ ਲਈ ਡਟ ਕੇ ਖੜਦੇ ਤਾਂ ਸਾਡਾ ਕੁੱਝ ਬਣਦਾ। ਬਾਹਰ ਆ ਕੇ ਵੀ ਕੁੱਝ ਕਰ ਸਕਦੇ ਸੀ।
ਹੁਣ ਦੀ ਗੱਲ ਕਰ ਲਉ, ਹੁਣ ਸਾਡੇ ਪੰਜਾਬ ਵਿਚ ਹੜ੍ਹ ਆਏ ਹੋਏ ਨੇ ਤੇ ਕੇਂਦਰ ਸਰਕਾਰ ਨੇ ਸਾਡੇ ਪੰਜਾਬ ਲਈ ਕੀ ਕੀਤਾ? ਇਹੀ ਜੇ ਕਿਤੇ ਹੋਰ ਹੜ੍ਹ ਆਏ ਹੁੰਦੇ ਤਾਂ ਉਥੇ ਹੈਲੀਕਾਪਟਰ ਤੇ ਹੋਰ ਬਥੇਰੀਆਂ ਚੀਜ਼ਾਂ ਆ ਜਾਣੀਆਂ ਸਨ ਪਰ ਨਹੀਂ ਆਈਆਂ ਤੇ ਅਸੀਂ ਇਕੱਲੇ ਰਹਿ ਗਏ ਹਾਂ। ਇਹ ਸੱਭ ਬੇਇਨਸਾਫ਼ੀਆਂ ਦੇਖ ਕੇ ਮਨ ਦੁਖੀ ਹੁੰਦਾ ਹੈ। ਰਵੀ ਸਿੰਘ ਖ਼ਾਲਸਾ ਨੇ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਹੋਏ ਅਖ਼ੀਰ ਵਿਚ ਕਿਹਾ ਕਿ ਜਿਹੜੇ ਨੌਜਵਾਨ ਨਸ਼ੇ ਵਿਚ ਪੈ ਗਏ ਅਤੇ ਕੋਈ ਗ਼ਲਤ ਕੰਮਾਂ ਵਿਚ ਪੈ ਗਿਆ। ਪਰ ਜਿਵੇਂ ਕਿ ਹੁਣ ਹੜ੍ਹ ਆਏ ਤਾਂ ਪੰਜਾਬ ਦੇ ਨੌਜਵਾਨ ਚੜ੍ਹਦੀ ਕਲਾ ਵਿਚ ਅੱਗੇ ਹੁੰਦੇ ਹਨ।
ਜਿਹੜੇ ਪੜ੍ਹ ਲਿਖ ਜਾਂਦੇ ਹਨ ਉਹ ਵਿਦੇਸ਼ ਚਲੇ ਜਾਂਦੇ ਹਨ। ਕੇਂਦਰ ਨੇ ਸਾਡੇ ਪੰਜਾਬ ਵਿਚ ਕੀ ਨਿਵੇਸ਼ ਕੀਤਾ ਹੈ, ਕੁੱਝ ਨਹੀਂ, ਜਿਨ੍ਹਾਂ ਨੂੰ ਵਿਦੇਸ਼ਾਂ ਵਿਚ ਕੋਈ ਵਧੀਆ ਮੌਕਾ ਮਿਲ ਜਾਂਦਾ ਹੈ ਉਹ ਕਿਸਮਤ ਵਾਲੇ ਹਨ, ਪੰਜਾਬ ਦੇ ਨੌਜਵਾਨ ਅੱਜ ਵੀ ਲੋਕਾਂ ਦੀ ਸੇਵਾ ਲਈ ਭੱਜ ਕੇ ਅੱਗੇ ਹੁੰਦੇ ਹਨ ਪਰ ਉਨ੍ਹਾਂ ਲਈ ਕੋਈ ਸਹੂਲਤਾਂ ਨਹੀਂ ਹਨ। ਭਾਰਤ ਵਿਚ ਜਾਂ ਤਾਂ ਲੋਕ ਫ਼ੌਜ ਵਿਚ ਭਰਤੀ ਹੋ ਜਾਂਦੇ ਹਨ
ਤੇ ਜਾਂ ਫਿਰ ਬਾਹਰ ਚਲੇ ਜਾਂਦੇ ਹਨ ਉਥੇ ਹੋਰ ਕੁੱਝ ਨਹੀਂ ਹੈ। ਦੁੱਖ ਵੀ ਹੁੰਦਾ ਹੈ ਕਿ ਪੰਜਾਬ ਖ਼ਾਲੀ ਹੋ ਰਿਹਾ ਹੈ ਅਤੇ ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ। ਰਵੀ ਸਿੰਘ ਖ਼ਾਲਸਾ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਜਿਥੇ ਵੀ ਜਾਣ ਜੋ ਵੀ ਕੰਮ ਕਰਨ ਪਿਆਰ ਨਾਲ ਕਰਨ, ਸੱਭ ਨੂੰ ਨਾਲ ਲੈ ਕੇ ਚਲਣ ਤੇ ਸੱਭ ਦੀ ਸੇਵਾ ਕਰਨ। ਜਦੋਂ ਕਿਤੇ ਲੜਾਈ ਲੜਨੀ ਹੁੰਦੀ ਹੈ ਤਾਂ ਸਿੱਖ ਅੱਗੇ ਹੋਣ ਤੇ ਜਦੋਂ ਇਨਸਾਫ਼ ਦੀ ਗੱਲ ਹੁੰਦੀ ਹੈ ਤਾਂ ਉਦੋਂ ਸਿੱਖਾਂ ਨੂੰ ਪਿਛੇ ਕਰ ਦਿਤਾ ਜਾਂਦਾ ਹੈ ਤੇ ਇਹੀ ਸਾਡੀ ਕਿਸਮਤ ਹੈ ਅੱਜਕਲ।