ਮ੍ਰਿਤਕ ਮਹਿਲਾ ਦੇ ਪੇਕੇ ਪਰਿਵਾਰ ਨੇ ਲਗਾਇਆ ਕਤਲ ਦਾ ਆਰੋਪ
Khanna News : ਖੰਨਾ ਦੇ ਪਿੰਡ ਇਕੋਲਾਹੀ ਵਿੱਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਹੈ। ਔਰਤ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਹੈ। ਮ੍ਰਿਤਕ ਮਹਿਲਾ ਦੇ ਪੇਕੇ ਪਰਿਵਾਰ ਨੇ ਕਤਲ ਦਾ ਆਰੋਪ ਲਗਾਇਆ ਹੈ , ਜਦਕਿ ਸਹੁਰਾ ਪਰਿਵਾਰ ਇਸ ਨੂੰ ਖੁਦਕੁਸ਼ੀ ਦੱਸ ਰਿਹਾ ਹੈ। ਮਾਪਿਆਂ ਦੀ ਮੰਗ ’ਤੇ ਪੁਲੀਸ ਨੇ ਤਿੰਨ ਡਾਕਟਰਾਂ ਦਾ ਪੈਨਲ ਬਣਾ ਕੇ ਸਿਵਲ ਹਸਪਤਾਲ ਖੰਨਾ ਵਿੱਚ ਪੋਸਟਮਾਰਟਮ ਕਰਵਾਇਆ।
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਰਣਜੀਤ ਕੌਰ ਦਾ ਵਿਆਹ ਕਰੀਬ 3 ਸਾਲ ਪਹਿਲਾਂ ਖੰਨਾ ਦੇ ਪਿੰਡ ਇਕੋਲਾਹੀ ਦੇ ਮਨਜੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪੁੱਤਰ ਮਹਿਤਾਬ ਸਿੰਘ ਨੇ ਜਨਮ ਲਿਆ, ਜਿਸ ਦੀ ਉਮਰ 2 ਸਾਲ ਹੈ।
ਗੁਰਦੀਪ ਸਿੰਘ ਨੇ ਦੱਸਿਆ ਉਸ ਦਾ ਜੀਜਾ ਮਨਜੀਤ ਸਿੰਘ ਉਸ ਦੀ ਭੈਣ ਰਣਜੀਤ ਕੌਰ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਘਰ ਵਿੱਚ ਲੜਾਈ ਝਗੜਾ ਕਰਦਾ ਸੀ। ਇਸ ਕਾਰਨ 4 ਦਿਨ ਆਪਣੇ ਪੇਕੇ ਘਰ ਰਹਿਣ ਤੋਂ ਬਾਅਦ ਰਣਜੀਤ ਕੌਰ 19 ਅਗਸਤ ਨੂੰ ਮੁੜ ਆਪਣੇ ਸਹੁਰੇ ਘਰ ਇਕੋਲਾਹੀ ਗਈ ਸੀ।
20 ਅਗਸਤ ਨੂੰ ਫਿਰ ਮਨਜੀਤ ਸਿੰਘ ਨੇ ਉਸ ਦੀ ਭੈਣ ਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਕੀਤੀ। ਸ਼ਾਮ ਨੂੰ ਉਸ ਦੇ ਜੀਜਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਰਣਜੀਤ ਕੌਰ ਨੇ ਖੁਦਕੁਸ਼ੀ ਕਰ ਲਈ ਹੈ। ਜਦੋਂ ਉਹ ਇਕੋਲਾਹੀ ਪਹੁੰਚੇ ਤਾਂ ਦੇਖਿਆ ਕਿ ਪਿਛਲਾ ਦਰਵਾਜ਼ਾ ਖੁੱਲ੍ਹਾ ਸੀ। ਉਸ ਦੀ ਭੈਣ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਇਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਲਟਕਾਇਆ ਗਿਆ ਹੈ।
ਮੁਲਜ਼ਮ ਪਤੀ ਖ਼ਿਲਾਫ਼ ਕੇਸ ਦਰਜ
ਥਾਣਾ ਸਦਰ ਦੇ ਏਐਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਐਸਐਚਓ ਹਰਦੀਪ ਸਿੰਘ ਵੀ ਮੌਕੇ ’ਤੇ ਪੁੱਜੇ। ਫਿਲਹਾਲ ਪੁਲਸ ਨੇ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਆਰੋਪ 'ਚ ਆਰੋਪੀ ਮਨਜੀਤ ਸਿੰਘ ਵਾਸੀ ਇਕੋਲਾਹੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।