
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਦੇ ਸਾਬਕਾ ਇੰਚਾਰਜ ਅਤੇ ਮੁਕਤਸਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹੇ ਹਰਦੀਪ ਸਿੰਘ ਢਿੱਲੋਂ ਸਮੇਤ.........
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਦੇ ਸਾਬਕਾ ਇੰਚਾਰਜ ਅਤੇ ਮੁਕਤਸਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹੇ ਹਰਦੀਪ ਸਿੰਘ ਢਿੱਲੋਂ ਸਮੇਤ ਦੋ ਹੋਰਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੋਲਿੰਗ ਬੂਥਾਂ 'ਤੇ ਕਬਜ਼ਾ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਰਦੀਪ ਢਿੱਲੋਂ ਦੇ ਛੋਟੇ ਭਰਾ ਸੰਨੀ ਢਿੱਲੋਂ ਅਤੇ ਨਿਜੀ ਸਹਾਇਕ ਜਗਤਾਰ ਸਿੰਘ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੇ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿਤਾ ਹੈ।
ਬੀਤੇ ਕਲ ਲੰਬੀ ਪੁਲਿਸ ਥਾਣਾ ਵਿਚ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁਧ ਵੀ ਫ਼ੌਜਦਾਰੀ ਕੇਸ ਦਰਜ ਕੀਤਾ ਗਿਆ ਸੀ। ਪਿੰਡ ਕਿਲਿਆਂਵਾਲੀ ਵਿਚ ਕਾਂਗਰਸ ਦੇ ਉਮੀਦਵਾਰ ਦੇ ਸਮਰਥਕ ਰਜਿੰਦਰ ਸਿੰਘ ਦੀ ਮਾਰਕੁੱਟ ਦੇ ਮਾਮਲੇ ਵਿਚ ਸੁਖਬੀਰ ਬਾਦਲ ਅਤੇ ਦੋ ਦਰਜਨ ਹੋਰ ਅਣਪਛਾਤਿਆਂ ਵਿਰੁਧ ਐਫ਼.ਆਈ.ਆਰ ਦਰਜ ਕੀਤੀ ਗਈ ਹੈ। ਲੰਬੀ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿਡੂਸਿੰਘ ਵਾਲਾ ਦੀ ਸ਼ਿਕਾਇਤ 'ਤੇ ਧਾਰਾ 323,341, 506,148, 149 ਅਤੇ 427 ਤਹਿਤ ਕੇਸ ਦਰਜ ਕੀਤਾ ਸੀ।
ਸ਼ਿਕਾਇਤ ਕਰਤਾ ਕਿਲਿਆਂਵਾਲੀ ਤੋਂ ਕਾਂਗਰਸੀ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਸਕਾ ਭਰਾ ਹੈ। ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੀ ਕੋਠੀ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਸੁਖਬੀਰ ਬਾਦਲ ਵਿਰੁਧ ਕੇਸ ਦਰਜ ਕਰਨ ਦਾ ਆਧਾਰ ਬਣੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਢਿੱਲੋਂ ਭਰਾਵਾਂ ਅਤੇ ਇਕ ਹੋਰ ਵਿਰੁਧ ਪੁਲਿਸ ਥਾਣਾ ਕੋਟ ਭਾਈ ਵਿਚ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਵਿਰੁਧ ਬੀਤੀ ਰਾਤ ਕੇਸ 1 ਵਜੇ ਦਰਜ ਕਰ ਕੇ ਸਵੇਰੇ ਹਿਰਾਸਤ ਵਿਚ ਲੈ ਲਿਆ ਸੀ। ਪੁਲਿਸ ਨੇ ਮੁਲਜ਼ਮਾਂ ਵਿਰੁਧ ਆਈ.ਪੀ.ਸੀ ਦੀ ਧਾਰਾ 353, 182, 188, 134, 135 ਅਤੇ 135 ਏ ਤਹਿਤ ਪਰਚਾ ਦਰਜ ਕੀਤਾ ਹੈ।
ਬੀਤੇ ਕਲ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਦੌਰਾਨ ਅਕਾਲੀਆਂ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਹੋਈ ਪੱਥਰਬਾਜ਼ੀ ਵੇਲੇ ਹਰਦੀਪ ਢਿੱਲੋਂ ਨੂੰ ਪੋਲਿੰਗ ਸਟੇਸ਼ਨ ਦੇ ਕਮਰੇ ਵਿਚ ਬੰਦ ਕਰ ਦਿਤਾ ਗਿਆ ਸੀ ਜਿਸ ਨੂੰ ਡੀ.ਐਸ.ਪੀ. ਗੁਰਤੇਜ ਸਿੰਘ ਨੇ ਬਾਅਦ ਵਿਚ ਬਾਹਰ ਕੱੱਢ ਕੇ ਘਰ ਪਹੁੰਚਾਇਆ। ਉਸ ਤੋਂ ਬਆਦ ਹਰਦੀਪ ਸਿੰਘ ਢਿੱਲੋਂ, ਸੰਨੀ ਢਿੱਲੋਂ ਅਤੇ ਜਗਤਾਰ ਸਿੰਘ ਵਿਰੁਧ ਸ਼ਿਕਾਇਤ ਦਿਤੀ ਗਈ ਸੀ।
ਤਿੰਨਾਂ ਮੁਲਜ਼ਮਾਂ ਉਤੇ ਪਿੰਡ ਗਿਲਜੇਵਾਲ ਵਿਚ ਝਗੜਾ ਕਰਨ, ਪੱਥਰ ਮਾਰ ਕੇ ਕਾਂਗਰਸੀ ਵਰਕਰਾਂ ਨੂੰ ਸੱਟਾਂ ਮਾਰਨ ਅਤੇ ਪੋਲਿੰਗ ਸਟਾਫ਼ ਨਾਲ ਝਗੜਾ ਕਰ ਕੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦਾ ਦੋਸ਼ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਅਕਾਲੀ ਵਰਕਰਾਂ ਨੂੰ ਗ਼ਲਤ ਢੰਗ ਨਾਲ ਫਸਾਇਆ ਜਾ ਰਿਹਾ ਹੈ ਅਤੇ ਉਹ ਰੋਸ ਵਜੋਂ ਜ਼ਮਾਨਤ ਲਈ ਅਪਲਾਈ ਨਹੀਂ ਕਰਨਗੇ।