
ਖੇਤੀ ਆਰਡੀਨੈਂਸ ਬਿੱਲ ਕਿਸਾਨਾਂ ਨੂੰ ਤਬਾਹ ਕਰ ਦੇਣਗੇ: ਸੰਧੂ
ਕੇਂਦਰ ਸਰਕਾਰ ਆੜ੍ਹਤੀਆਂ ਅਤੇ ਕਿਸਾਨਾਂ ਦੇ ਨਹੁੰ-ਮਾਸ ਦੇ ਰਿਸ਼ਤਿਆਂ ਨੂੰ ਖੇਰੂੰ-ਖੇਰੂੰ ਕਰਨ ਦੇ ਰਾਹ ਤੁਰੀ: ਕੈਪਟਨ ਸੰਧੂ
ਜਗਰਾਉਂ, 21 ਸਤੰਬਰ (ਪਰਮਜੀਤ ਸਿੰਘ ਗਰੇਵਾਲ): ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਸ ਦੇ ਵਿਰੋਧ ’ਚ ਪੰਜਾਬ ਅੰਦਰ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਲੋਕ ਲਹਿਰ ਬਣਦੇ ਜਾ ਰਹੇ ਹਨ। ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡਾਂ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਅਗਵਾਈ ’ਚ ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ ’ਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਨੂੰ ਬਰਬਾਦ ਕਰਨ ਲੱਗੀ ਹੋਈ ਹੈ।
ਕੇਂਦਰੀ ਦੀ ਵਜ਼ਾਰਤ ਦਾ ਆਨੰਦ ਮਾਣਨ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਜਿਹੜਾ ਅਸਤੀਫ਼ਾ ਹੁਣ ਦਿਤਾ ਗਿਆ, ਉਹ ਪਹਿਲਾ ਕਿਉਂ ਨਹੀਂ ਦਿਤਾ ਗਿਆ, ਪਹਿਲਾ ਅਕਾਲੀ ਦਲ ਵਲੋਂ ਇਸ ਬਿੱਲਾ ਸਮਰਥਨ ਕਿਉਂ ਕੀਤਾ? ਇਹ ਸਵਾਲ ਹਨ, ਜਿਹੜੇ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆੜ੍ਹਤੀਆਂ ਅਤੇ ਕਿਸਾਨਾਂ ਦੇ ਨਹੁੰ-ਮਾਸ ਦੇ ਰਿਸ਼ਤਿਆਂ ਨੂੰ ਖੇਰੂੰ-ਖੇਰੂੰ ਕਰਨ ਦੇ ਰਾਹ ਤੁਰੀ ਹੋਈ ਹੈ। ਉਨ੍ਹਾਂ ਆਖਿਆ ਕਿ ਆੜ੍ਹਤੀ ਕਿਸਾਨਾਂ ਨੂੰ ਫ਼ਸਲਾਂ ਪਾਲਣ ਲਈ ਸਹਿਯੋਗ ਕਰਦਾ ਹੈ, ਜਦਕਿ ਕਿਸਾਨ ਆੜ੍ਹਤੀਆਂ ਰਾਹੀਂ ਫ਼ਸਲਾਂ ਵੇਚਣ ਨੂੰ ਤਰਜੀਹ ਦਿੰਦੇ ਹਨ। ਇਸ ਲਈ ਕੇਂਦਰ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਸੌਪਣ ਲਈ ਖੇਤੀ ਆਰਡੀਨੈਸ ਲਾਗੂ ਕਰਨ ਲੱਗੀ ਹੈ, ਜੋ ਕਿਸਾਨੀ ਲਈ ਵੱਡਾ ਨੁਕਸਾਨਦਾਇਕ ਹੋਵੇਗਾ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਈ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਖੇਤੀ ਆਰਡੀਨੈਸ ਨੂੰ ਰੱਦ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਕਿਸਾਨੀ ਕੇਂਦਰੀ ਅਨਾਜ ਭੰਡਾਰ ’ਚ ਅਪਣਾ ਬਣਦਾ ਯੋਗਦਾਨ ਪਾ ਸਕੇ। ਇਸ ਮੌਕੇ ਸਾਬਕਾ ਸਰਪੰਚ ਗੁਰਬਖਸ਼ ਸਿੰਘ, ਗੁਰਮੇਲ ਸਿੰਘ ਮੇਲੀ, ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ, ਜੋਗਿੰਦਰ ਸਿੰਘ ਚੱਕੀ ਵਾਲੇ, ਸਰਪੰਚ ਵਰਿੰਦਰ ਸਿੰਘ ਮੁਦਾਰਪੁਰਾ, ਤੇਜਪਾਲ ਸਿੰਘ ਤੇਜ਼ੀ, ਮੈਂਬਰ ਮਲਕੀਤ ਸਿੰਘ, ਬਿੰਦਰ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ ਅਤੇ ਗੁਰਦੀਪ ਸਿੰਘ ਅਮਰਜੀਤ ਸਿੰਘ, ਕਮਲਜੀਤ ਸਿੰਘ ਤੇ ਸੁਖਦੇਵ ਸਿੰਘ ਸੁੱਖਾ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ।