
ਸ਼੍ਰੋਮਣੀ ਅਕਾਲੀ ਦਲ ਵਲੋਂ ਰਾਸ਼ਟਰਪਤੀ ਨੂੰ ਖੇਤੀਬਾੜੀ ਬਿਲਾਂ ’ਤੇ ਹਸਤਾਖਰ ਨਾ ਕਰਨ ਦੀ ਅਪੀਲ
ਚੰਡੀਗੜ੍ਹ, 20 ਸਤੰਬਰ (ਤੇਜਿੰਦਰ ਫ਼ਤਿਹਪੁਰ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅਪੀਲ ਕੀਤੀ ਕਿ ਉਹ ਸੰਸਦ ਵਿਚ ਪਾਸ ਖੇਤੀਬਾੜੀ ਜਿਨਸ ਮੰਡੀਕਰਨ ਬਿਲਾਂ ਨੂੰ ਪ੍ਰਵਾਨਗੀ ਨਾ ਦੇਣ। ਰਾਸ਼ਟਰਪਤੀ ਨੂੰ ਕੀਤੀ ਭਾਵੁਕ ਅਪੀਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ,‘‘ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਪਹਿਲਾਂ ਹੀ ਮੁਸ਼ਕਲਾਂ ਵਿਚ ਘਿਰੇ ਤੇ ਔਖ ਕੱਟ ਰਹੇ ਕਿਸਾਨਾਂ, ਖੇਤ ਮਜ਼ਦੂਰਾਂ, ਮੰਡੀ ਮਜ਼ਦੂਰਾਂ ਤੇ ਦਲਿਤਾਂ ਨਾਲ ਇਸ ਲੋੜ ਦੇ ਸਮੇਂ ਵਿਚ ਖੜੇ ਹੋਵੇ। ਉਨ੍ਹਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਤੇ ਉਹ ਦੇਸ਼ ਵਿਚ ਸਰਵਉਚ ਅਥਾਰਟੀ ਵਜੋਂ ਤੁਹਾਡੇ ਵੱਲ ਵੇਖ ਰਹੇ ਹਨ ਕਿ ਤੁਸੀਂ ਹਦਾਇਤਾਂ ਜਾਰੀ ਕਰੋਗੇ ਅਤੇ ਉਨ੍ਹਾਂ ਦੇ ਬਚਾਅ ਵਾਸਤੇ ਨਿਤਰੋਗੇ, ਇਨ੍ਹਾਂ ਬਿਲਾਂ ’ਤੇ ਹਸਤਾਖਰ ਨਾ ਕਰ ਕੇ ਇਨ੍ਹਾਂ ਨੂੰ ਐਕਟ ਵਿਚ ਬਦਲਣ ਤੋਂ ਰੋਕ ਦੇਵੋਗੇ।’’ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਸਫ਼ਲ ਹੋ ਗਏ ਤਾਂ ਫਿਰ ਗ਼ਰੀਬ ਤੇ ਮੁਸੀਬਤਾਂ ਵਿਚ ਘਿਰਿਆ ਵਰਗ ਤੇ ਉਨ੍ਹਾਂ ਦੀਆਂ ਭਵਿੱਖੀ ਪੀੜ੍ਹੀਆਂ
ਕਦੇ ਵੀ ਸਾਨੂੰ ਮਾਫ਼ ਨਹੀਂ ਕਰਨਗੀਆਂ।
ਸ. ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਬਿਲਾਂ ਨੂੰ ਮੁੜ ਵਿਚਾਰ ਲਈ ਸੰਸਦ ਵਿਚ ਵਾਪਸ ਭੇਜਣ ਤਾਕਿ ਸਰਕਾਰ ਵਲੋਂ ਅੜਬਪੁਣੇ ਵਿਚ ਕਾਹਲੀ ਨਾਲ ਲਏ ਗਏ ਫ਼ੈਸਲੇ ਸਾਡੇ ਦੇਸ਼ ਦੇ ਮਨ ’ਤੇ ਸਥਾਈ ਧੱਬੇ ਨਾ ਲਾਉਣ। ਰਾਜ ਸਭਾ ਵਲੋਂ ਇਹ ਬਿਲ ਪਾਸ ਕੀਤੇ ਜਾਣ ਨਾਲ ਹੁਣ ਇਹ ਹਸਤਾਖਰਾਂ ਵਾਸਤੇ ਰਾਸ਼ਟਰਪਤੀ ਕੋਲ ਜਾਣਗੇ ਤੇ ਇਸ ਮਗਰੋਂ ਹੀ
ਇਹ ਬਿਲ ਐਕਟ ਬਣ ਸਕਣਗੇ। ਬਾਦਲ ਨੇ ਕਿਹਾ ਕਿ ਇਸ ਲਈ ਹਾਲੇ ਵੀ ਸਮਾਂ ਹੈ ਕਿ ਇਸ ਫ਼ੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ।
image ਸੁਖਬੀਰ ਬਾਦਲ ਨੇ ਰਾਸ਼ਟਰਪਤੀ ਨੂੰ ਬਿਲ ਮੁੜ ਵਿਚਾਰ ਕਰਨ ਲਈ ਵਾਪਸ ਭੇਜਣ ਦੀ ਕੀਤੀ ਅਪੀਲ