
ਸਿੱਖ ਰਿਪਬਲਿਕ ਸੈਨੇਟਰ ਉਮੀਦਵਾਰ ਡੈਨਿਅਲ ਗੇਡ ਦੀ ਹਮਾਇਤ ’ਚ ਉਤਰੇ
ਸਿੱਖ ਆਗੂ ਦਵਿੰਦਰ ਸਿੰਘ ਵਲੋਂ ਡੈਨਿਅਲ ਗੇਡ ਦੀ ਆਮਦ ’ਤੇ ਨਾਸ਼ਤੇ ਦਾ ਆਯੋਜਨ
ਵਰਜੀਨੀਆ, 20 ਸਤੰਬਰ (ਸੁਰਿੰਦਰ ਸਿੰਘ ਗਿੱਲ) : ਸਿੱਖ ਅਪਣਾ ਰਾਜਨੀਤਕ ਆਧਾਰ ਅਮਰੀਕਾ ਵਿਚ ਬਣਾ ਰਿਹਾ ਹੈ, ਜਿਥੇ ਉਹ ਵੱਖ-ਵੱਖ ਉਮੀਦਵਾਰਾਂ ਦੀ ਹਮਾਇਤ ਕਰ ਕੇ ਅਪਣਾ ਨਾਮ ਕਮਾ ਰਹੇ ਹਨ, ਉਥੇ ਵਰਜੀਨੀਆਂ ਸਟੇਟ ’ਚੋਂ ਰਿਪਬਲਿਕਨ ਸੈਨੇਟਰ ਉਮੀਦਵਾਰ ਡੈਨਿਅਲ ਗੇਡ ਦੀ ਚੋਣ ਵਿਚ ਸਿੱਖ ਨਿਤਰ ਕੇ ਸਾਹਮਣੇ ਆਏ ਹਨ। ਜਿਨ੍ਹਾਂ ਨੇ ਪਹਿਲਾਂ ਉਮੀਦਵਾਰ ਦੀ ਹਮਾਇਤ ਵਿਚ ਭਾਈਚਾਰਕ ਇਕੱਠ ਕਰ ਕੇ ਗਵਾਂਢੀਆਂ ਨੂੰ ਡੈਨਿਅਲ ਦੇ ਏਜੰਡੇ ਤੋਂ ਜਾਣੂ ਕਰਵਾਇਆ। ਉਨ੍ਹਾਂ ਅਪਣੇ ਸੰਬੋਧਨ ਵਿਚ ਕਿਹਾ ਕਿ ਉਹ ਜਿੱਤਣ ਭਾਵੇਂ ਹਾਰਨ ਪਰ ਸਥਾਨਕ ਲੋਕਾਂ ਦੀ ਹਰ ਮੁਸ਼ਕਲ ਵਿਚ ਨਾਲ ਖੜੇ ਹੋਣਗੇ। ਉਨ੍ਹਾਂ ਕਿਹਾ ਕਿ ਵਰਜੀਨੀਆ ਅਮਰੀਕਾ ਦੀ ਪਾਈਨੀਅਰ ਸਟੇਟ ਹੈ। ਜਿਥੇ ਹਰ ਕੋਈ ਪਿਆਰ ਤੇ ਸਤਿਕਾਰ ਵਜੋਂ ਵਿਚਰਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਸਿੱਖ ਮੇਰੀ ਹਮਾਇਤ ’ਤੇ ਉਤਰੇ ਹਨ। ਮੈਂ ਇਨ੍ਹਾਂ ਦਾ ਧਨਵਾਦ ਕਰਦਾ ਹਾਂ।
ਦਵਿੰਦਰ ਸਿੰਘ ਨੇ ਡੈਨਿਅਲ ਗੇਡ ਨੂੰ ਸਵੇਰ ਦੇ ਨਾਸ਼ਤੇ ’ਤੇ ਘਰ ਸੱਦਿਆ। ਜਿਥੇ ਸਿੱਖ ਲੀਡਰਾਂ ਜਿਨ੍ਹਾਂ ਵਿਚ ਸਤਪਾਲ ਸਿੰਘ ਬਰਾੜ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ, ਗੁਰਚਰਨ ਸਿੰਘ ਲੇਲ ਗੈਸ ਮਾਰਟ ਦੇ ਮਾਲਕ, ਆਗਿਆਪਾਲ ਸਿੰਘ ਬਾਠ ਟੀ.ਵੀ. ਹੋਸਟ ਅਤੇ ਸਰਬਜੀਤ ਸਿੰਘ ਬਿਜ਼ਨਸਮੈਨ ਸ਼ਾਮਲ ਹੋਏ। ਇਨ੍ਹਾਂ ਲੀਡਰਾਂ ਨੇ ਜਿਥੇ ਡੈਨਿਅਲ ਗੇਡ ਦੀ ਹਮਾਇਤ ਤੇ ਮਦਦ ਕਰਨ ਦਾ ਫ਼ੈਸਲਾ ਕੀਤਾ, ਉੱਥੇ ਘਰ-ਘਰ ਜਾ ਕੇ ਉਨ੍ਹਾਂ ਲਈ ਵੋਟ ਮੰਗਣ ਦੀ ਮੁਹਿੰਮ ਨੂੰ ਅਰੰਭਣ ਦਾ ਵੀ ਫ਼ੈਸਲਾ ਕੀਤਾ। ਡੈਨਿਅਲ ਗੇਡ ਨੇ ਇਨ੍ਹਾਂ ਲੀਡਰਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਫ਼ਖਰ ਵਾਲੀ ਗੱਲ ਹੈ ਕਿ ਸਿੱਖ ਭਾਈਚਾਰਾ ਮੇਰੀ ਹਮਾਇਤ ਵਿਚ ਉਤਰਿਆ ਹੈ। ਪਵਨ ਸਿੰਘ ਖ਼ਾਲਸਾ ਨੇ ਸਾਰਿਆਂ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਡੈਨਿਅਲ ਨੂੰ ਜਿਤਾਉਣ ਲਈ ਹਰ ਕੋਸ਼ਿਸ਼ ਕਰਾਂਗੇ।