
ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਣਮੁੱਲੇ ਹੀਰੇ ਜਵਾਹਰਾਤ ਨਾਲ ਜੜੀ ਕਲਗ਼ੀ ਸਜਾਈ
ਅੰਮ੍ਰਿਤਸਰ, 20 ਸਤੰਬਰ (ਅਮਰੀਕ ਸਿੰਘ ਵੱਲਾ): ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ 1 ਕਰੋੜ 73 ਲੱਖ 78 ਹਜ਼ਾਰ ਰੁਪਏ ਦੀ ਲਾਗਤ ਨਾਲ ਸੋਨੇ, ਹੀਰੇ ਜਵਾਹਰਾਤ, ਰਤਨਾਂ ਨਾਲ ਜੜੀ ਕਲਗ਼ੀ ਸਜਾਈ ਗਈ।
ਗੁਰਦਵਾਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਕਲਗ਼ੀ ਵਿਚ ਸ਼ਰਧਾਲੂ ਦੇ ਕਹੇ ਅਨੁਸਾਰ 2 ਕਿਲੋ 500 ਗ੍ਰਾਮ ਸ਼ੁਧ ਵਜ਼ਨੀ ਸੋਨੇ ਨਾਲ ਤਿਆਰ ਕਰ ਕੇ ਪੂਰੀ ਦੀ ਪੂਰੀ ਕਲਗ਼ੀ ਉਪਰ ਹੀਰੇ ਅਤੇ ਹੋਰ ਕੀਮਤੀ ਰਤਨ ਜੜੇ ਗਏ। ਇਸ ਕਲਗ਼ੀ ਨੂੰ ਤਿਆਰ ਕਰਨ ਲਈ ਇਕ ਸਾਲ ਦੇ ਸਮੇਂ ਵਿਚ ਅਹਿਮਦਾਬਾਦ, ਸੂਰਤ ਅਤੇ ਜੈਪੁਰ ਤੋਂ ਵੱਖ-ਵੱਖ ਕਾਰੀਗਰਾਂ ਨੇ ਅਪਣੀ ਕਲਾ ਨਾਲ ਤਿਆਰ ਕੀਤਾ ਗਿਆ ਹੈ। ਇਸ ਕਲਗ਼ੀ ਨੂੰ ਭੇਟਾ ਕਰਨ ਦੀ ਸੇਵਾ ਸ੍ਰੀ ਗੁਰੂ ਤੇਗ਼ ਬਹਾਦਰ ਹਸਪਤਾਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਐਮ ਡੀ ਗੁਰਵਿੰਦਰ ਸਿੰਘ ਸਮਰਾ ਕੋਲੋਂ ਦਸਮ ਪਿਤਾ ਨੇ ਕਰਵਾਈ ਹੈ। ਇਸ ਮੌਕੇ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਗੁਰਦਵਾਰਾ ਸੱਚਖੰਡ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਵਲੋਂ ਡਾ ਗੁਰਵਿੰਦਰ ਸਿੰਘ ਸਮਰਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦਵਾਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ. ਗੁਰਵਿੰਦਰ ਸਿੰਘ ਵਾਧਵਾ, ਗਿਆਨੀ ਜਸਵਿੰਦਰ ਸਿੰਘ ਦਰਦੀ ਅਤੇ ਹੋਰ ਹਾਜ਼ਰ ਸਨ।