ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਗੁਰਦਾਸਪੁਰ- ਜ਼ਿਲ੍ਹੇ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਬਹੁੜੀਆਂ ਸੈਣੀਆਂ ਵਿਚ ਇਕ ਕਿਸਾਨ ਦੇ ਕਤਲ ਹੋਣ ਦੀ ਸਨਸਨੀਖੇਜ਼ ਖ਼ਬਰ ਮਿਲੀ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕਹੀ ਦੇ ਕਈ ਵਾਰ ਕਰ ਕੇ ਵਿਅਕਤੀ ਦਾ ਕਤਲ ਕੀਤਾ ਗਿਆ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਕੇਸ ਦਰਜ ਕਰ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਗਿਆਨ ਸਿੰਘ ਉਮਰ ਕਰੀਬ 55 ਸਾਲ ਜੋ ਕਿ ਆਪਣੀ ਪਤਨੀ ਕੁਲਵੰਤ ਕੌਰ ਸਮੇਤ ਪਿੰਡ ਬਹੁੜੀਆਂ ਸੈਣੀਆਂ ਵਿਚ ਰਹਿੰਦਾ ਸੀ। ਮੰਗਲਵਾਰ ਨੂੰ ਉਸ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਕੋਲ ਲੁਧਿਆਣਾ ਗਈ ਹੋਈ ਸੀ। ਮ੍ਰਿਤਕ ਦੇ ਭਰਾ ਤਰਸੇਮ ਸਿੰਘ ਨੇ ਦੱਸਿਆ ਕਿ ਜਦੋਂ ਪਰਮਜੀਤ ਸਿੰਘ ਦੁਪਿਹਰ ਤੱਕ ਘਰੋਂ ਬਾਹਰ ਨਾ ਨਿਕਲਿਆ ਤਾਂ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਕੁਝ ਪਿੰਡ ਵਾਸੀਆਂ ਦੀ ਮਦਦ ਨਾਲ ਘਰ ਅੰਦਰ ਜਾ ਕੇ ਦੇਖਿਆ ਤਾਂ ਪਰਮਜੀਤ ਸਿੰਘ ਦੀ ਖੂਨ ’ਚ ਲੱਥਪਥ ਲਾਸ਼ ਘਰ ਦੀ ਪਹਿਲੀ ਮੰਜ਼ਿਲ ਉੱਪਰ ਬਣੇ ਕਮਰੇ ਵਿਚ ਪਈ ਹੋਈ ਸੀ ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਇਸ ਕਤਲ ਦੀ ਸੂਚਨਾ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਦਿੱਤੀ। ਇਸ ਦੌਰਾਨ ਥਾਣਾ ਕਾਹਨੂੰਵਾਨ ਥਾਣੇ ਦੀ ਪੁਲਿਸ ਟੀਮ ਘਟਨਾ ਸਥਾਨ ’ਤੇ ਪਹੁੰਚੀ। ਉਨ੍ਹਾਂ ਨੇ ਇਸ ਵਾਰਦਾਤ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਦਾ ਕਹੀ ਦੇ ਪੁੱਠੇ ਪਾਸਿਓਂ ਕਈ ਵਾਰ ਕਰ ਕੇ ਬੇਰਹਿਮੀ ਨਾਲ ਸਿਰ ਕੁਚਲ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਪਰਮਜੀਤ ਸਿੰਘ ਦੇ ਖੂਨ ਨਾਲ ਲੱਥਪੱਥ ਪਿਆ ਸਰੀਰ ਦੁਪਹਿਰ ਸਮੇਂ ਤੱਕ ਪੁਲਿਸ ਲਈ ਪੜਤਾਲ ਦਾ ਵਿਸ਼ਾ ਬਣ ਗਿਆ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਸੀ. ਆਈ. ਏ. ਸਟਾਫ਼ ਗੁਰਦਾਸਪੁਰ ਦੇ ਮੁਖੀ ਇੰਸਪੈਕਟਰ ਕਪਿਲ ਕੌਸ਼ਿਲ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਇਸ ਕਤਲ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਜ਼ਦੀਕੀ ਅਤੇ ਮਹੱਤਵਪੂਰਨ ਸਬੂਤਾਂ ਨਾਲ ਵੀ ਛੇੜਛਾੜ ਦੇ ਸਬੂਤ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਪੁਲਿਸ ਵਲੋਂ ਆਪਣੀ ਤਫਤੀਸ਼ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।