ਹੁਣ ਅਗਾਊਂ ਜ਼ਮਾਨਤ ਲਈ ਤਿੰਨਾਂ ਕੋਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਹੀ ਵਿਕਲਪ ਹੈ
ਜਲੰਧਰ - ਜਲੰਧਰ ਦੇ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਬੀਰ ਦੇ ਖੁਦਕੁਸ਼ੀ ਮਾਮਲੇ ਵਿੱਚ ਲੋੜੀਂਦੇ ਇੰਸਪੈਕਟਰ ਨਵਦੀਪ ਸਿੰਘ, ਏਐਸਆਈ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਵਧੀਕ ਸੈਸ਼ਨ ਜੱਜ ਕਪੂਰਥਲਾ ਅਜਾਇਬ ਸਿੰਘ ਦੀ ਅਦਾਲਤ ਨੇ ਭਗੌੜੇ ਪੁਲਿਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।
ਹੁਣ ਅਗਾਊਂ ਜ਼ਮਾਨਤ ਲਈ ਤਿੰਨਾਂ ਕੋਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਹੀ ਵਿਕਲਪ ਹੈ। ਇਸ ਮਾਮਲੇ ਦੀ ਸੁਣਵਾਈ ਪਹਿਲਾਂ 19 ਸਤੰਬਰ ਨੂੰ ਹੋਣੀ ਸੀ ਪਰ ਕੋਈ ਫ਼ੈਸਲਾ ਨਹੀਂ ਹੋਇਆ ਸੀ। ਜ਼ਮਾਨਤ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਪਹਿਲਾਂ ਅਦਾਲਤ ਨੇ ਇਸ ਮਾਮਲੇ 'ਚ ਪੁਲਿਸ ਤੋਂ ਰਿਕਾਰਡ ਤਲਬ ਕੀਤਾ ਸੀ। ਨਾਲ ਹੀ ਹੁਕਮ ਦਿੱਤਾ ਕਿ ਰਿਕਾਰਡ ਦੇਖਣ ਤੋਂ ਬਾਅਦ 21 ਸਤੰਬਰ ਨੂੰ ਅਗਾਊਂ ਜ਼ਮਾਨਤ 'ਤੇ ਫ਼ੈਸਲਾ ਲਿਆ ਜਾਵੇਗਾ। ਵੀਰਵਾਰ ਨੂੰ ਪੁਲਿਸ ਰਿਕਾਰਡ ਦੀ ਘੋਖ ਕਰਨ ਤੋਂ ਬਾਅਦ ਵਧੀਕ ਸੈਸ਼ਨ ਜੱਜ ਅਜੈਬ ਸਿੰਘ ਦੀ ਅਦਾਲਤ ਨੇ ਤਿੰਨਾਂ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਦੱਸ ਦਈਏ ਕਿ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਬੀਰ ਦੇ ਆਤਮਹੱਤਿਆ ਮਾਮਲੇ 'ਚ ਤਿੰਨ ਪੁਲਿਸ ਮੁਲਾਜ਼ਮ, ਇੰਸਪੈਕਟਰ ਨਵਦੀਪ ਸਿੰਘ, ਥਾਣੇ ਦੇ ਤਤਕਾਲੀ ਮੁਨਸ਼ੀ, ਏਐਸਆਈ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਇੱਕ ਮਹੀਨੇ ਤੋਂ ਭਗੌੜੇ ਹਨ। ਥਾਣਾ ਸਦਰ ਦੇ ਤਿੰਨ ਮੁਲਾਜ਼ਮਾਂ ਦੀਆਂ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਦੋਵੇਂ ਭਰਾਵਾਂ ਨੇ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਦਰਿਆ ਵਿਚ ਛਾਲ ਮਾਰ ਦਿੱਤੀ।
ਜਦੋਂ ਪਰਿਵਾਰਕ ਮੈਂਬਰਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਜਾ ਰਹੀ ਸੀ ਅਤੇ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਾਨਵਜੀਤ ਨੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਨਾਲ ਦੁਰਵਿਵਹਾਰ ਕੀਤਾ ਸੀ। ਜਗਜੀਤ ਕੌਰ ਦੀ ਸ਼ਿਕਾਇਤ 'ਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਾਨਵਜੀਤ ਖਿਲਾਫ ਹੰਗਾਮਾ ਕਰਨ ਦਾ ਮਾਮਲਾ ਦਰਜ ਕਰਕੇ ਉਸ ਨੂੰ ਜੇਲ 'ਚ ਡੱਕ ਦਿੱਤਾ ਗਿਆ ਸੀ।