
Bathinda News :ਸਾਬਕਾ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦਾ ਲੈਟਰ ਪੈਡ ਕੀਤਾ ਚੋਰੀ
Bathinda News : ਬਠਿੰਡਾ ਦੇ ਪਿੰਡ ਕੋਟਸ਼ਮੀਰ ਸਥਿਤ ਗੁਰਦੁਆਰਾ ਸਾਹਿਬ ਦੇ ਸਾਬਕਾ ਗ੍ਰੰਥੀ ਖਿਲਾਫ਼ ਗੁਰਦੁਆਰਾ ਸਾਹਿਬ ਦੇ ਲੈਟਰ ਪੈਡ 'ਤੇ ਜਾਅਲੀ ਵਿਆਹ ਸਰਟੀਫਿਕੇਟ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਗ੍ਰੰਥੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਹਰਪ੍ਰੀਤ ਸਿੰਘ ਵਾਸੀ ਪਿੰਡ ਕੋਟਸ਼ਮੀਰ ਨੇ ਦੱਸਿਆ ਕਿ ਮੁਲਜ਼ਮ ਪ੍ਰਗਟ ਸਿੰਘ ਵਾਸੀ ਪਿੰਡ ਬਦਿਆਲਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ 13 ਜੁਲਾਈ 2024 ਤੱਕ ਗੁਰਦੁਆਰਾ ਚੁਕੇਰੀਆ ਸਾਹਿਬ ਪਿੰਡ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਵਿਖੇ ਗ੍ਰੰਥੀ ਵਜੋਂ ਤਾਇਨਾਤ ਸੀ। ਜਿਸ ਨੂੰ ਗੁਰਦੁਆਰਾ ਸਾਹਿਬ ਦੇ ਲੈਟਰ ਪੈਡ, ਮੋਹਰ ਅਤੇ ਹੋਰ ਸਮਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਮੁਲਜ਼ਮ ਪ੍ਰਗਟ ਸਿੰਘ 17 ਜੁਲਾਈ 2024 ਨੂੰ ਗੁਰਦੁਆਰਾ ਸਾਹਿਬ ਤੋਂ ਆਪਣੀ ਡਿਊਟੀ ਛੱਡ ਕੇ ਗੁਰਦੁਆਰਾ ਸਾਹਿਬ ਦਾ ਲੈਟਰ ਪੈਡ ਅਤੇ ਮੋਹਰ ਆਪਣੇ ਨਾਲ ਲੈ ਗਿਆ। ਜਿਸ ਤੋਂ ਬਾਅਦ ਮੁਲਜ਼ਮ ਪ੍ਰਗਟ ਸਿੰਘ ਹੰਸ ਨਗਰ ਬਠਿੰਡਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲੱਗਾ।
ਜਿੱਥੇ ਉਸ ਨੇ ਗੁਰਦੁਆਰਾ ਚੁਕੇਰੀਆ ਸਾਹਿਬ ਪਿੰਡ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਲੈਟਰ ਪੈਡ 'ਤੇ ਮੋਹਰ ਲਗਾ ਕੇ ਵਿਆਹ ਦੇ ਸਰਟੀਫਿਕੇਟ ਦੇਣੇ ਸ਼ੁਰੂ ਕਰ ਦਿੱਤੇ। ਇਸ ਬਾਰੇ ਉਸ ਨੂੰ ਪਤਾ ਲੱਗਾ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਪ੍ਰਗਟ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
(For more news apart from Gurdwara Sahib's granthi arrested by Punjab Police News in Punjabi, stay tuned to Rozana Spokesman)