
ਕੇਂਦਰੀ ਖੇਤੀ ਬਿਲਾਂ ਵਿਰੁਧ ਵਿਧਾਨ ਵਿਚ ਹੋਈ ਭਰਵੀਂ ਚਰਚਾ
ਵਿਧਾਨ ਸਭਾ 'ਚ ਪਾਸ ਮਤਾ ਕਾਲੇ ਕਾਨੂੰਨਾਂ 'ਤੇ ਚਪੇੜ: ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ, 20 ਅਕਤੂਬਰ (ਗੁਰਉਪਦੇਸ਼ ਭੁੱਲਰ): ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਸਦ ਵਿਚ ਪਾਸ ਕਰਵਾਏ ਗਏ ਗਏ 3 ਖੇਤੀ ਬਿਲਾਂ ਵਿਰੁਧ ਮਤਾ ਪਾਸ ਹੋਣ ਤੋਂ ਪਹਿਲਾਂ ਭਰਵੀਂ ਬਹਿਸ ਹੋਈ। ਇਸ ਬਹਿਸ ਦੌਰਾਨ ਸੱਤਾਧਿਰ ਕਾਂਗਰਸ ਤੋਂ ਇਲਾਵਾ ਵਿਰੋਧੀ ਦਲਾਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਲੋਕ ਇਨਸਾਫ਼ ਪਾਰਟੀ ਮੈਂਬਰਾਂ ਨੇ ਮੋਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਇਕ ਸੁਰ ਵਿਚ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ।
ਲੰਮੇ ਸਮੇਂ ਬਾਅਦ ਸੈਸ਼ਨ ਵਿਚ ਸ਼ਾਮਲ ਹੋਏ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਆਪ ਦੇ ਬਾਗ਼ੀ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ, ਅਕਾਲੀ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪਰਮਿੰਦਰ ਸਿੰਘ ਢੀਂਡਸਾ ਤੇ ਹੋਰ ਕਈ ਮੈਂਬਰਾਂ ਨੇ ਵਿਚਾਰ ਪੇਸ਼ ਕੀਤੇ।
ਨਵਜੋਤ ਸਿੰਘ ਸਿੱਧੂ ਨੇ ਸੱਭ ਤੋਂ ਪਹਿਲਾਂ ਬਹਿਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਵਿਚ ਪਾਸ ਹੋਇਆ ਅੱਜ ਦਾ ਮਤਾ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਮੂੰਹ 'ਤੇ ਚਪੇੜ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੇਸ਼ ਬਿਲ ਬਾਰੇ ਕਿਹਾ ਕਿ ਕਿਸਾਨਾਂ ਦੇ ਪਵਿੱਤਰ ਸੰਘਰਸ਼ ਦਾ ਮੁੱਲ ਮੋੜਿਆ ਜਾ ਰਿਹਾ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਪੈਣ ਬਾਅਦ ਕਾਮਯਾਬੀ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਬਿਲ ਕਿਸਾਨਾਂ ਵਿਰੁਧ ਘਿਨੌਣੀ ਸਾਜ਼ਸ਼ ਹੈ। ਮੋਦੀ ਸਰਕਾਰ ਨੇ ਸੰਸਦ ਵਿਚ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਕੁਚਲ ਕੇ ਇਕ ਪਾਸੜ ਤਰੀਕੇ ਨਾਲ ਖੇੜੀ ਕਾਨੂੰਨ ਪਾਸ ਕਰਵਾਏ ਹਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਹਿਸ ਵਿਚ ਬੋਲਦਿਆਂ ਕਿਹਾ ਕਿ ਕੇਂਦਰ ਨੇ ਸਿਰਫ਼ ਖੇਤੀ ਕਾਨੂੰਨ ਹੀ ਨਹੀਂ ਬਣਾਏ ਬਲਕਿ ਜਨਤਕ ਵੰਡ ਪ੍ਰਣਾਲੀ ਖ਼ਤਮ ਕਰਨ ਦੇ ਵੀ ਯਤਨ ਹੋ ਰਹੇ ਹਨ। ਇਸ ਰਾਹੀਂ ਗ਼ਰੀਬ ਵਰਗ ਨੂੰ ਰਾਸ਼ਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਫ਼ੂਡ ਸਕਿਊਰਿਟੀ ਵੀ ਦੇਸ਼ ਲਈ ਬਹੁਤ ਜ਼ਰੂਰੀ ਹੈ। ਭਾਜਪਾ ਸਰਕਾਰਾਂ ਨੇ ਕੇਂਦਰ ਵਿਚ ਰਹਿੰਦਿਆਂ ਕਈ ਗ਼ਲਤ ਫ਼ੈਸਲੇ ਕੀਤੇ ਹਨ ਤੇ ਪੰਜਾਬ ਨਾਲ ਵਿਤਕਰਾ ਕੀਤਾ। ਪਹਿਲਾਂ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਹਤਾਂ ਦੇ ਕੇ ਪੰਜਾਬ ਨਾਲ ਵਿਤਕਰਾ ਕੀਤਾ। ਨੋਟਬੰਦੀ ਤੇ ਜੀ.ਐਸ.ਟੀ. ਨਾਲ ਛੋਟੇ ਕਾਰੋਬਾਰੀਆਂ ਤੇ ਰਾਜਾਂ ਦਾ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੀ ਪੰਜਾਬ ਵਿਚੋਂ ਅਤਿਵਾਦ ਖ਼ਤਮ ਕੀਤਾ ਤੇ ਹੁਣ ਵਿਧਾਨ ਸਭਾ ਵਿਚ ਬਿਲ ਰੱਦ ਕਰ ਕੇ ਕਾਂਗਰਸ ਹੀ ਕਿਸਾਨਾਂ ਦਾ ਬੇੜਾ ਪਾਰ ਲਾਏਗੀ।
ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦੇਸ਼ ਨੂੰ ਇਕ ਮੋਰੀ ਵਿਚੋਂ ਲੰਘਾਉਣਾ ਭਾਜਪਾ ਦਾ ਨਵਾਂ ਨਹੀਂ ਬਲਕਿ ਪੁਰਾਣਾ ਏਜੰਡਾ ਹੀ ਹੈ। ਭਾਰੀ ਬਹੁਮਤ ਨਾਲ ਸੱਤਾ ਵਿਚ ਆਉਣ ਬਾਅਦ ਤਾਨਾਸ਼ਾਹੀ ਤਰੀਕੇ ਨਾਲ ਫ਼ੈਸਲੇ ਕਰ ਕੇ ਅਪਣਾ ਏਜੰਡਾ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਖੇਤੀ ਕਾਨੂੰਨ ਖ਼ਤਮ ਕਰਵਾਉਣ ਲਈ ਸਿਆਸੀ ਦਲਾਂ ਨੂੰ ਸਾਂਝੀ ਕਮੇਟੀ ਬਣਾ ਕੇ ਦਿੱਲੀ ਨੂੰ ਘੇਰਨਾ ਚਾਹੀਦਾ ਹੈ।
ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਬੈਂਸ ਨੇ ਕਿਹਾ ਕਿ ਕੇਂਦਰੀ ਖੇਤੀ ਬਿਲ ਰਾਜਾਂ ਦੇ ਸੰਘੀ ਢਾਂਚੇ 'ਤੇ ਵੀ ਵੱਡਾ ਹਮਲਾ ਹਨ।
ਪ੍ਰਗਟ ਸਿੰਘ ਨੇ ਟਰੈਕਟਰਾਂ ਦੇ ਪ੍ਰਦਰਸ਼ਨਾਂ ਦੀਆਂ ਨੋਟੰਕੀਆਂ ਛੱਡ ਕੇ ਗੰਭੀਰਤਾ ਨਾਲ ਸਹੀ ਥਾਂ ਤੇ ਮਿਲ ਕੇ ਆਵਾਜ਼ ਬੁਲੰਦ ਕਰਨ ਦੀ ਗੱਲ ਆਖੀ।
ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕਿਸਾਨਾਂ ਦਾ
ਅੰਦੋਲਨ ਬੇਮਿਸਾਲ ਹੈ ਤੇ ਨੌਜਵਾਨਾਂ ਦੀ ਭੂਮਿਕਾ ਇਸ ਵਿਚ ਅਹਿਮ ਹੈ।
ਆਪ ਦੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਨਸਿਕਤਾ ਹੀ ਪੰਜਾਬ ਵਿਰੋਧੀ ਹੈ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਝੋਨੇ ਤੇ ਕਣਕ ਤੋਂ ਇਲਾਵਾ ਹੋਰ ਸੱਭ ਫ਼ਸਲਾਂ ਦਾ ਸਮਰਥਨ ਮੁੱਲ ਵੀ ਮਿਲਣਾ ਚਾਹੀਦਾ ਹੈ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਲਈ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਸੁਬਾ ਸਰਕਾਰ ਵਲੋਂ ਪਿਛਲੇ ਸਮਿਆਂ ਵਿਚ ਪਾਸ ਏ.ਪੀ.ਐਮ.ਸੀ. ਐਕਟ ਦੀ ਰੱਦ ਹੋਣੇ ਚਾਹੀਦਾ ਹੈ। ਸੂਬਾ ਸਰਕਾਰ ਸੱਭ ਤਰ੍ਹਾਂ ਦੇ ਮਾਫ਼ੀਆ ਖ਼ਤਮ ਕਰ ਕੇ ਖ਼ੁਦ ਐਮ.ਅੈਸ.ਪੀ. ਦੇ ਸਕਦੀ ਹੈ।
ਅਕਾਲੀ ਵਿਧਾਇਕ ਦਲ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰੀਖੇਤੀ ਬਿਲ ਮੋਦੀ ਸਰਕਾਰ ਦੇ ਬਹੁਤ ਖ਼ਤਰਨਾਕ ਬਿਲ ਹਨ ਅਤੇ ਕਿਸਾਨਾਂ ਦੀ ਮੌਤ ਦੇ ਵਰੰਟ 'ਤੇ ਦਸਤਖ਼ਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਲਾਂ ਦੇ ਲਾਗੂ ਹੋਣ ਨਾਲ ਜਾ ਤਾਂ ਕਿਸਾਨ ਖ਼ੁਦ ਮਰੇਗਾ ਜਾਂ ਕਿਸੇ ਨੂੰ ਮਾਰੇਗਾ।
ਕਾਂਗਰਸ ਦੇ ਕੁਲਜੀਤ ਨਾਗਰਾ ਨੇ ਕਿਹਾ ਕਿ ਜਿਹੜਾ ਕੇਂਦਰੀ ਬਿਲਾਂ ਦੀ ਹਮਾਇਤ ਕਰੇਗਾ, ਉਸ ਦਾ ਨਾਂ ਲਿਖਿਆ ਜਾਵੇਗਾ ਕਾਲੇ ਅੱਖਰਾਂ ਵਿਚ। ਕਾਂਗਰਸ ਕਿਸੇ ਵੀ ਕੁਰਬਾਨੀ ਲਈ ਤਿਆਰ ਹੈ।
ਜਨਤਕ ਵੰਡ ਪ੍ਰਣਾਲੀ ਖ਼ਤਮ ਕਰਨ ਦੇ ਵੀ ਕੇਂਦਰ ਵਲੋਂ ਯਤਨ : ਮਨਪ੍ਰੀਤ ਬਾਦਲ
ਦੇਸ਼ ਨੂੰ ਇਕ ਮੋਰੀ 'ਚੋਂ ਲੰਘਾਉਣਾ ਭਾਜਪਾ ਦਾ ਏਜੰਡਾ: ਖਹਿਰਾ
ਸੰਘੀ ਢਾਂਚੇ 'ਤੇ ਵੀ ਵੱਡਾ ਹਮਲਾ: ਬੈਂਸ
ਸੱਭ ਫ਼ਸਲਾਂ 'ਤੇ ਮਿਲੇ ਸਮਰਥਨ ਮੁੱਲ : ਢੀਂਡਸਾ
ਮੋਦੀ ਸਰਕਾਰ ਦੇ ਖੇਤੀ ਬਿਲ ਬਹੁਤ ਖ਼ਤਰਨਾਕ: ਢਿੱਲੋਂ
ਕਾਂਗਰਸ ਕਿਸੇ ਵੀ ਕੁਰਬਾਨੀ ਲਈ ਤਿਆਰ : ਨਾਗਰਾ
image