
ਉਤਰਾਖੰਡ ’ਚ ਮੋਹਲੇਧਾਰ ਮੀਂਹ ਨੇ ਲਈਆਂ 46 ਜਾਨਾਂ, ਕਈ ਇਮਾਰਤਾਂ ਹੋਈਆਂ ਢਹਿ ਢੇਰੀ
ਦੇਹਰਾਦੂਨ, 20 ਅਕਤੂਬਰ : ਉੱਤਰਾਖੰਡ ’ਚ ਲਗਭਗ 48 ਘੰਟਿਆਂ ਵਿਚ ਪਏ ਮੋਹਲੇਧਾਰ ਮੀਂਹ, ਗੜੇਮਾਰੀ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੀ ਲਪੇਟ ’ਚ ਆਉਣ ਨਾਲ ਹੁਣ ਤਕ ਕੁਲ 46 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 11 ਹੋਰ ਅਜੇ ਵੀ ਲਾਪਤਾ ਹਨ। ਇਸ ਆਫ਼ਤ ’ਚ 12 ਲੋਕ ਜ਼ਖ਼ਮੀ ਹਾਲਤ ਵਿਚ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਆਫ਼ਤ ਵਿਚ ਕੁਲ 9 ਇਮਾਰਤ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।
ਅਧਿਕਾਰਤ ਬੁਲਾਰੇ ਨੇ ਦਸਿਆ ਕਿ ਬੁਧਵਾਰ ਨੂੰ ਗੜ੍ਹੇਮਾਰੀ ਕਾਰਨ ਨੈਨੀਤਾਲ ਜ਼ਿਲ੍ਹੇ ’ਚ 28, ਅਲਮੋੜਾ ਜ਼ਿਲ੍ਹੇ ’ਚ 6, ਚੰਪਾਵਤ ਅਤੇ ਰੁਦਰਪੁਰ ਵਿਚ 2-2 ਅਤੇ ਬਾਗੇਸ਼ਵਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 11 ਲੋਕ ਲਾਪਤਾ ਹਨ। ਬੁਲਾਰੇ ਨੇ ਦਸਿਆ ਕਿ ਇਕ ਹੀ ਦਿਨ ਵਿਚ ਗੜ੍ਹੇਮਾਰੀ ਅਤੇ ਜ਼ਮੀਨ ਖਿਸਕਣ ਕਾਰਨ 9 ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੌੜੀ ਜ਼ਿਲ੍ਹੇ ਵਿਚ 3, ਚੰਪਾਵਤ ’ਚ 2 ਅਤੇ ਪਿਥੋਰਾਗੜ੍ਹ ’ਚ ਇਕ ਵਿਅਕਤੀ ਦੀ ਮੌਤ ਹੋਈ।
ਸੂਤਰਾਂ ਮੁਤਾਬਕ ਅਜੇ ਤਕ ਪਿਛਲੇ ਲੱਗਭਗ 48 ਘੰਟਿਆਂ ਵਿਚ ਸੂਬੇ ਵਿਚ ਮੋਹਲੇਧਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ 46 ਲੋਕਾਂ ਦੀ ਮੌਤ ਹੋਈ ਹੈ।
ਮੁੱਖ ਮੰਤਰੀ ਧਾਮੀ ਨੇ ਮੀਂਹ ਪ੍ਰਭਾਵਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਅਤੇ ਪ੍ਰਭਾਵਤ ਲੋਕਾਂ ਨਾਲ ਗੱਲਬਾਤ ਕੀਤੀ, ਤਾਂ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇ। ਉਨ੍ਹਾਂ ਸੂਬੇ ਵਿਚ ਪਿਛਲੇ ਦੋ ਦਿਨਾਂ ਵਿਚ ਮੀਂਹ ਦੀਆਂ ਘਟਨਾਵਾਂ ’ਚ ਮਾਰੇ ਗਏ ਲੋਕਾਂ ਦੇ ਪ੍ਰਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਫੋਨ ’ਤੇ ਧਾਮੀ ਨਾਲ ਗੱਲ ਕੀਤੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਸੂਬੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ। ਉਤਰਾਖੰਡ ’ਚ ਆਫ਼ਤ ਬਣੇ ਮੀਂਹ ਕਾਰਨ ਕਈ ਥਾਈਂ ਪਾਣੀ ਭਰ ਗਿਆ ਹੈ। ਬਚਾਅ ਕਰਮੀ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੇ ਹਨ। ਵੱਡੀ ਗਿਣਤੀ ’ਚ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਪਾਣੀ ’ਚ ਸਮਾ ਗਈਆਂ। (ਏਜੰਸੀ)