
ਮੋਦੀ ਨੇ ਕੁਸ਼ੀਨਗਰ 'ਚ ਏਅਰਪੋਰਟ ਸਮੇਤ 12 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ
ਕੁਸ਼ੀਨਗਰ, 20 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ ਦੇ ਕੁਸ਼ੀਨਗਰ ਵਿਚ ਅੰਤਰਰਾਸਟਰੀ ਹਵਾਈ ਅੱਡੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਵਾਬਾਜ਼ੀ ਖੇਤਰ ਵਿਚ ਨਵੀਂ ਊਰਜਾ ਪਾਉਣ ਲਈ ਕਈ ਕਦਮ ਚੁਕੇ ਹਨ | ਕੁਸ਼ੀਨਗਰ ਬੋਧੀਆਂ ਲਈ ਮਹੱਤਵਪੂਰਨ ਤੀਰਥ ਸਥਾਨ ਹੈ | ਇਹ ਉਤਰ ਪ੍ਰਦੇਸ਼ ਦਾ ਤੀਜਾ ਅੰਤਰਰਾਸਟਰੀ ਹਵਾਈ ਅੱਡਾ ਹੈ, ਜੋ ਲਗਭਗ 260 ਕਰੋੜ ਰੁਪਏ ਦੀ ਲਾਗਤ ਨਾਲ 589 ਏਕੜ 'ਤੇ ਬਣਾਇਆ ਗਿਆ ਹੈ |
ਪ੍ਰਧਾਨ ਮੰਤਰੀ ਮੋਦੀ ਨੇ ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿਚ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰਖਿਆ | ਇਸ ਨਾਲ ਹੀ 180.66 ਕਰੋੜ ਦੇ 12 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ | ਮੋਦੀ ਨੇ ਮਹਾਪ੍ਰੀਨਿਰਵਾਣ ਮੰਦਰ ਵਿਚ ਚੱਲ ਰਹੇ ਪ੍ਰੋਗਰਾਮ ਵਿਚ ਹਿੱਸਾ ਲਿਆ | ਇਥੇ ਉਨ੍ਹਾਂ ਭਗਵਾਨ ਬੁੱਧ ਦੇ ਦਰਸ਼ਨ ਕੀਤੇ | ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਕੁਸ਼ੀਨਗਰ ਵਿਚ ਅੰਤਰਰਾਸਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ | ਕੁਸ਼ੀਨਗਰ ਭਗਵਾਨ ਗੌਤਮ ਬੁੱਧ ਦੇ ਨਿਰਵਾਣ ਦਾ ਸਥਾਨ ਹੈ ਅਤੇ ਹਰ ਸਾਲ ਚੀਨ, ਸ੍ਰੀਲੰਕਾ, ਕੰਬੋਡੀਆ, ਥਾਈਲੈਂਡ, ਜਾਪਾਨ, ਮਲੇਸ਼ੀਆ, ਮਿਆਂਮਾਰ, ਕੋਰੀਆ, ਲਾਉਸ, ਸਿੰਗਾਪੁਰ, ਵੀਅਤਨਾਮ,
ਤਾਈਵਾਨ, ਨੇਪਾਲ ਅਤੇ ਭੂਟਾਨ ਦੇ ਨਾਗਰਿਕ ਆ ਕੇ ਪ੍ਰਾਰਥਨਾ ਕਰਦੇ ਹਨ |
ਇਸ ਤੋਂ ਇਲਾਵਾ ਮੋਦੀ ਨੇ ਭਗਵਾਨ ਬੁੱਧ ਦੇ ਬੁੱਤ ਦੇ ਦਰਸ਼ਨ ਕੀਤੇ |
ਉਨ੍ਹਾਂ ਭਗਵਾਨ ਬੁੱਧ ਨਾਲ ਸਬੰਧਤ ਪ੍ਰਦਰਸ਼ਨੀ ਦਾ ਦੌਰਾ ਕੀਤਾ | ਇਸ ਤੋਂ ਬਾਅਦ ਉਨ੍ਹਾਂ ਨਿਰਵਾਣ ਦੇ ਸਥਾਨ 'ਤੇ ਸਥਿਤ ਮੰਦਰ ਵਿਚ ਦਰਸ਼ਨ ਕੀਤੇ | ਮੋਦੀ ਨੇ ਮਹਾਪ੍ਰੀਨਿਰਵਾਣ ਮੰਦਰ ਵਿਚ ਬੋਧੀ ਦਾ ਰੁੱਖ ਵੀ ਲਗਾਇਆ |
ਮੋਦੀ ਨੇ ਕਿਹਾ, 'ਭਗਵਾਨ ਬੁੱਧ ਦੀ ਕਿਰਪਾ ਨਾਲ ਬਹੁਤ ਸਾਰੀਆਂ ਅਲੌਕਿਕ ਸੰਗਤਾਂ, ਬਹੁਤ ਸਾਰੇ ਅਲੌਕਿਕ ਇਤਫ਼ਾਕ ਇਸ ਦਿਨ ਇਕੱਠੇ ਪ੍ਰਗਟ ਹੋ ਰਹੇ ਹਨ | ਮੈਨੂੰ ਅੱਜ ਕੁਸ਼ੀਨਗਰ ਅੰਤਰਰਾਸਟਰੀ ਹਵਾਈ ਅੱਡੇ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਜ਼ਰੀਏ, ਦੁਨੀਆਂ ਭਰ ਦੇ ਕਰੋੜਾਂ ਬੁੱਧ ਪੈਰੋਕਾਰਾਂ ਨੂੰ ਇਥੇ ਆਉਣ ਦਾ ਮੌਕਾ ਮਿਲੇਗਾ | ਇਸ ਮੌਕੇ ਮੋਦੀ ਨੇ ਸ੍ਰੀਲੰਕਾ ਤੋਂ ਆਈ ਉਡਾਣ ਵਿਚ ਆਏ ਬੋਧੀ ਭਿਖਸ਼ੂਆਂ ਦਾ ਸਵਾਗਤ ਕੀਤਾ | (ਏਜੰਸੀ)