
ਕਿਸਾਨਾਂ ਦੇ ਗੁਨਾਹਗਾਰ ਨੂੰ ਜਵਾਨਾਂ ਦੇ ਯਾਦਗਾਰੀ ਸਮਾਰੋਹ ਦਾ ਬਣਾਇਆ ਮੁੱਖ ਮਹਿਮਾਨ
ਨਵੀਂ ਦਿੱਲੀ, 20 ਅਕਤੂਬਰ : ਸਰਹੱਦਾਂ ਦੇ ਅਪਣੇ ਦੇਸ਼ ਅਤੇ ਫ਼ਰਜ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਬੀਐਸਐਫ਼ ਦੇ ਬਹਾਦਰ ਜਵਾਨਾਂ ਦੇ ਸਨਮਾਨ ’ਚ ਇਸ ਹਫ਼ਤੇ ਆਯੋਜਤ ਹੋਣ ਵਾਲੇ ਪ੍ਰੋਗਰਾਮ ’ਚ ਕੇਂਦਰੀ ਗ੍ਰਹਿ ਰਾਜਮੰਤਰੀ ਅਜੇ ਮਿਸ਼ਰਾ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿਤਾ ਗਿਆ ਹੈ ਜੋ ਕਿ ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ’ਚ ਹੋਈਆਂ ਕਿਸਾਨਾਂ ਦੀ ਮੌਤਾਂ ਦਾ ਗੁਨਾਹਗਾਰ ਹੈ।
ਇਕ ਅਧਿਕਾਰੀ ਨੇ ਦਸਿਆ ਕਿ ਪੂਰੇ ਦਿਨ ਚੱਲਣ ਵਾਲਾ ਸਨਮਾਨ ਸਮਾਰੋਹ 23 ਅਕਤੂਬਰ ਨੂੰ ਦਿੱਲੀ ਦੇ ਚਾਣਕਿਆਪੂਰੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ (ਐਨਪੀਐਮ) ’ਤੇ ਆਯੋਜਤ ਹੋਵੇਗਾ। ਅਧਿਕਾਰੀ ਨੇ ਦਸਿਆ, ‘‘ਸਵੇਰੇ ਅਧਿਕਾਰੀ ਅਤੇ ਬੀਐਸਫ਼ ਜਵਾਨ ਸ਼ਹੀਦਾਂ ਦੇ ਪ੍ਰਵਾਰਾਂ ਨਾਲ ਐਨਪੀਐਮ ਸਥਿਤ ‘ਬਹਾਦਰੀ ਦੀ ਕੰਧ’ ’ਤੇ ਸ਼ਰਧਾਂਜਲੀ ਦੇਣਗੇ ਅਤੇ ਇਸ ਤੋਂ ਬਾਅਦ ਸ਼ਹੀਦ ਜਵਾਨਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਸ਼ੁਰੂ ਹੋਵੇਗਾ। ’’ ਬੀਐਸਐਫ਼ ਨੇ ਇਕ ਬਿਆਨ ’ਚ ਕਿਹਾ, ‘‘ਸ਼ਾਮ ਨੂੰ ਇਕ ਸ਼ਹੀਦ ਸਨਮਾਨ ਪਰੇਡ ਹੋਵੇਗੀ ਅਤੇ ਮੁੱਖ ਮਹਿਮਾਨ ਗ੍ਰਹਿ ਰਾਜਮੰਤਰੀ ਅਜੇ ਕੁਮਾਰ ਮਿਸ਼ਰਾ ਸ਼ਹੀਦਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁਲ ਭੇਂਟ ਕਰਨਗੇ।
ਬੀਐਸਫ਼ਐਫ਼ ਦੇ ਪ੍ਰੋਗਰਾਮ ’ਚ ਮਿਸ਼ਰਾ ਮਹਿਲਾ ਮੈਂਬਰਾਂ ਦੀ ਮੋਟਰਸਾਈਕਲ ਰੈਲੀ ‘ਮਸ਼ਾਲ’ ਨੂੰ ਵੀ ਝੰਡੀ ਦਿਖਾ ਸਕਦੇ ਹਨ, ਜੋ ਰਾਸ਼ਟਰੀ ਰਾਜਧਾਨੀ ਦੇ ਕੁੱਝ ਅਹਿਮ ਸਥਾਨਾਂ ਨੂੰ ਹੋ ਕੇ ਗੁਜ਼ਰੇਗੀ। ਮਿਸ਼ਰਾ ਨੇ ਲਖੀਮਪੁਰ ਖੇੜੀ ਦੀ ਘਟਨਾ ਤੋਂ ਬਾਅਦ ਅਤੇ ਵਿਰੋਧੀਆਂ ਵਲੋਂ ਅਸਤੀਫ਼ੇ ਦੀ ਮੰਗ ਦੌਰਾਨ ਕੇਂਦਰ ਸਰਕਾਰ ਦੇ ਪੁਲਿਸ ਥਿੰਕ ਟੈਂਕ ਬੀਪੀਆਰਡੀ ਦੇ ਪ੍ਰੋਗਰਾਮ ’ਚ ਵੀ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ ਸੀ। (ਏਜੰਸੀ)