
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਵੀ.ਸੀ. ਡਾ. ਗੋਸਲ ਦੀ ਨਿਯੁਕਤੀ ਨੂੰ ਜਾਇਜ਼ ਠਹਿਰਾਇਆ
ਰਾਜਪਾਲ ਨੂੰ ਭੇਜੇ ਲਿਖਤੀ ਜਵਾਬ 'ਚ ਤਰਕ ਪੇਸ਼ ਕੀਤੇ, ਪਹਿਲੇ ਵੀ.ਸੀ. ਵੀ ਰਾਜਪਾਲ ਦੀ ਪ੍ਰਵਾਨਗੀ ਬਿਨਾਂ ਨਿਯੁਕਤ ਹੁੰਦੇ ਰਹੇ ਅਤੇ ਇਸ ਵਿਚ ਮੁੱਖ ਮੰਤਰੀ ਦੀ ਵੀ ਕੋਈ ਭੂਮਿਕਾ ਨਹੀਂ ਹੁੰਦੀ, ਬੋਰਡ ਆਫ਼ ਮੈਨੇਜਮੈਂਟ ਕੋਲ ਹੀ ਐਕਟ ਮੁਤਾਬਕ ਸ਼ਕਤੀ
ਚੰਡੀਗੜ੍ਹ, 20 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਵੀ.ਸੀ. ਵਜੋਂ ਡਾ. ਸਤਬੀਰ ਸਿੰਘ ਗੋਸਲ ਦੀ ਕੀਤੀ ਗਈ ਨਿਯੁਕਤੀ ਨੂੰ ਗ਼ੈਰ ਕਾਨੂੰਨੀ ਦਸ ਕੇ ਵੀ.ਸੀ. ਨੂੰ ਅਹੁਦੇ ਤੋਂ ਹਟਾ ਕੇ ਨਿਯੁਕਤੀ ਲਈ ਨਵੀਂ ਪ੍ਰਕਿਰਿਆ ਸ਼ੁਰੂ ਕਰਨ ਦੇ ਦਿਤੇ ਹੁਕਮਾਂ ਨੂੰ ਤਰਕ ਨਾਲ ਗ਼ਲਤ ਦਸਦੇ ਹੋਏ ਇਸ ਨਿਯੁਕਤੀ ਨੂੰ ਜਾਇਜ਼ ਠਹਿਰਾਇਆ ਹੈ | ਰਾਜਪਾਲ ਦੇ ਹੁਕਮਾਂ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਅੱਜ ਇਕ ਪੱਤਰ ਉਨ੍ਹਾਂ ਨੂੰ ਭੇਜਿਆ ਹੈ | ਇਸ ਪੱਤਰ ਤੋਂ ਇਹ ਗੱਲ ਵੀ ਹੁਣ ਸਪਸ਼ਟ ਹੈ ਕਿ ਪੰਜਾਬ ਸਰਕਾਰ ਰਾਜਪਾਲ ਦੇ ਹੁਕਮਾਂ ਮੁਤਾਬਕ ਵੀ.ਸੀ. ਨਹੀਂ ਹਟਾਏਗੀ | ਇਸ ਨਾਲ ਰਾਜਪਾਲ ਤੇ ਮੁੱਖ ਮੰਤਰੀ ਵਿਚ ਟਕਰਾਅ ਹੋਰ ਵਧੇਗਾ |
ਰਾਜਪਾਲ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੇ ਵੀ.ਸੀ ਦੀ ਨਿਯੁਕਤੀ ਹਰਿਆਣਾ ਐਂਡ ਪੰਜਾਬ ਐਗਰੀਕਚਲਰ ਯੂਨੀਵਰਸਿਟੀ ਐਕਟ 1970 ਤਹਿਤ ਹੁੰਦੀ ਹੈ | ਇਹ ਨਿਯੁਕਤੀ ਯੂਨੀਵਰਸਿਟੀ ਦਾ ਬੋਰਡ ਆਫ਼ ਮੈਨੇਜਮੈਂਟ ਕਰਦਾ ਹੈ ਅਤੇ ਇਸ ਵਿਚ ਰਾਜਪਾਲ ਜਾਂ ਮੁੱਖ ਮੰਤਰੀ ਦੀ ਕੋਈ ਭੂਮਿਕਾ ਨਹੀਂ ਹੁੰਦੀ | ਉਨ੍ਹਾਂ ਉਦਾਹਰਣਾਂ ਦਿੰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਇਸ ਯੂਨੀਵਰਸਿਟੀ ਦੇ
ਵੀ.ਸੀ. ਡਾ. ਬਲਦੇਵ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਨਿਯੁਕਤੀ ਲਈ ਰਾਜਪਾਲ ਤੋਂ ਕੋਈ ਪ੍ਰਵਾਨਗੀ ਨਹੀਂ ਸੀ ਲਈ ਗਈ | ਇਸ ਤੋਂ ਪਹਿਲੇ ਵੀ.ਸੀ. ਐਮ.ਐਸ. ਕੰਗ ਵੀ ਬਿਨਾਂ ਰਾਜਪਾਲ ਦੀ ਪ੍ਰਵਾਨਗੀ ਹੀ ਨਿਯੁਕਤ ਹੋਏ ਸਨ | ਪਹਿਲਾਂ ਵੀ ਇਹੋ ਨਿਯਮ ਚਲਦੇ ਰਹੇ ਹਨ ਜਿਸ ਕਰ ਕੇ ਡਾ. ਸਤਬੀਰ ਸਿੰਘ ਗੋਸਲ ਦੀ ਨਿਯੁਕਤੀ ਵੀ ਬਿਲਕੁਲ ਕਾਨੂੰਨੀ ਤੌਰ 'ਤੇ ਸਹੀ ਹੈ | ਉਨ੍ਹਾਂ ਕਿਹਾ ਕਿ ਡਾ. ਗੋਸਤ ਇਕ ਪ੍ਰਸਿੱਧ ਖੇਤੀ ਵਿਗਿਆਨੀ ਹਨ ਅਤੇ ਬਹੁਤ ਹੀ ਸਤਿਕਾਰਤ ਸ਼ਖ਼ਸੀਅਤ ਹਨ ਅਤੇ ਆਪ ਵਲੋਂ ਅਜਿਹੇ ਵਿਅਕਤੀ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮਾਂ ਕਾਰਨ ਪੰਜਾਬ ਦੇ ਲੋਕਾਂ ਵਿਚ ਭਾਰੀ ਗੁੱਸਾ ਹੈ |
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਭਾਰੀ ਬਹੁਮਤ ਨਾਲ ਚੁਣੀ ਗਈ ਸਰਕਾਰ ਦੇ ਕੰਮ ਵਿਚ ਤੁਹਾਡੇ ਵਲੋਂ ਵਾਰ ਵਾਰ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਲੋਕ ਦੁਖੀ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀਂ ਵਿਧਾਨ ਸਭਾ ਦੇ ਸੈਸ਼ਨ ਵਿਚ ਅੜਿੱਕਾ ਪਾਇਆ ਫਿਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀ.ਸੀ ਦੀ ਨਿਯੁਕਤੀ ਰੱਦ ਕੀਤੀ ਅਤੇ ਹੁਣ ਪੰਜਾਬ ਖੇਤੀ ਯੂਨੀਵਰਸਿਟੀ ਦੇ ਵੀ.ਸੀ. ਨੂੰ ਹਟਾਉਣ ਦੇ ਹੁਕਮ ਦੇ ਦਿਤੇ ਹਨ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਾਰੀ ਉਮੀਦਾਂ ਨਾਲ ਵੱਡਾ ਬਹੁਮਤ ਦੇ ਕੇ 'ਆਪ' ਦੀ ਸਰਕਾਰ ਬਣਾਈ ਹੈ ਅਤੇ ਮੈਂ ਇਹ ਉਮੀਦਾਂ ਪੂਰੀਆਂ ਕਰਨ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਅਤੇ ਇਸ ਸਮੇਂ ਜੇ ਕੋਈ ਸਰਕਾਰ ਦੇ ਕੰਮ ਵਿਚ ਰੁਕਾਵਟ ਪਾਉਂਦਾ ਹੈ ਤਾ ਲੋਕ ਉਸ ਨੂੰ ਬਰਦਾਸ਼ਤ ਨਹੀਂ ਕਰਨਗੇ | ਮਾਨ ਨੇ ਪੱਤਰ ਦੇ ਅੰਤ ਵਿਚ ਲਿਖਿਆ ਹੈ ਮੈਂ ਤੁਹਾਨੂੰ ਕਈ ਵਾਰ ਮਿਲਿਆ ਹਾਂ ਅਤੇ ਮੈਨੂੰ ਤੁਸੀ ਵਧੀਆ ਅਤੇ ਨੇਕ ਵਿਅਕਤੀ ਲਗਦੇ ਹੋ ਅਤੇ ਆਪ ਅਜਿਹਾ ਨਹੀਂ ਕਰ ਸਕਦੇ ਬਲਕਿ ਗ਼ਲਤ ਤੇ ਗ਼ੈਰ ਸੰਵਿਧਾਨਕ ਕੰਮ ਤੁਹਾਡੇ ਤੋਂ ਕੋਈ ਹੋਰ ਕਰਵਾ ਰਿਹਾ ਹੈ |
ਮਾਨ ਦਾ ਇਸ਼ਾਰਾ ਭਾਜਪਾ ਤੇ ਕੇਂਦਰ ਸਰਕਾਰ ਵਲ ਹੀ ਹੈ | ਮਾਨ ਨੇ ਰਾਜਪਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਂ ਆਪ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅਜਿਹੇ ਲੋਕਾਂ ਦੀ ਗੱਲ ਨਾ ਸੁਣੋ, ਜੋ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਅਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਅਪਣਾ ਕੰਮ ਕਰਨ ਦਿਉ |