
ਸਰਕਟ ਹਾਊਸ ਪਟਿਆਲਾ ਦੇ ਗੱਦੇ ਵੀ ਨਿਕਲੇ ਗੰਦੇ!, ਵਿਭਾਗ ਨੇ ਸੁਪਰਵਾਈਜ਼ਰ ਦਰਸ਼ਨ ਸਿੰਘ ਦਾ ਕੀਤਾ ਤਬਾਦਲਾ
ਸਫ਼ਾਈ ਦੇ ਮੰਦੇ ਹਾਲ 'ਤੇ ਮੁੱਖ ਮੰਤਰੀ ਨੇ ਲਗਾਈ ਕਲਾਸ
ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਟ ਹਾਊਸ ਪਟਿਆਲਾ ਦੇ ਅਚਨਚੇਤ ਗੇੜੇ ਨੇ ਪ੍ਰੋਟੋਕੋਲ ਮਹਿਕਮੇ ਡੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦਰਅਸਲ ਸੀ.ਐਮ. ਮਾਨ ਵਲੋਂ ਪਟਿਆਲਾ ਫੇਰੀ ਦੌਰਾਨ ਸਰਕਟ ਹਾਊਸ ਦਾ ਵੀ ਦੌਰਾ ਕੀਤਾ ਗਿਆ ਜਿਸ ਬਾਰੇ ਅਧਿਕਾਰੀਆਂ ਨੂੰ ਕੋਈ ਖਬਰ ਨਹੀਂ ਸੀ।
ਸਰਕਟ ਹਾਊਸ ਵਿੱਚ ਸਫ਼ਾਈ ਦਾ ਮੰਦਾ ਹਾਲ ਸੀ ਜਿਸ 'ਤੇ ਮੁੱਖ ਮੰਤਰੀ ਨੇ ਸਰਕਟ ਹਾਊਸ ’ਚ ਤਾਇਨਾਤ ਨਾਇਬ ਤਹਿਸੀਲਦਾਰ ਤੇ ਐੱਸਐੱਸਪੀ ਪਟਿਆਲਾ ਨੂੰ ਕਮਰੇ ਵਿੱਚ ਬੁਲਾ ਕੇ ਮੌਕਾ ਦਿਖਾਇਆ ਜਿਥੇ ਕਮਰੇ ਵਿੱਚ ਪਏ ਗੱਦੇ ਗੰਦਗੀ ਨਾਲ ਭਰੇ ਹੋਏ ਸਨ। ਭਗਵੰਤ ਮਾਨ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਸਰਕਟ ਹਾਊਸ’ਜ਼ ਵਿਚ ਸਫ਼ਾਈ ਸਬੰਧੀ ਕੋਈ ਕੋਤਾਹੀ ਨਹੀਂ ਵਰਤੀ ਜਾਣੀ ਚਾਹੀਦੀ। ਡਿਪਟੀ ਕਮਿਸ਼ਨਰ ਪਟਿਆਲਾ ਨੇ ਪ੍ਰੋਟੋਕੋਲ ਵਿਭਾਗ ਨੂੰ ਇੱਕ ਚਿੱਠੀ ਲਿਖ ਕੇ ਸਰਕਟ ਹਾਊਸ ਦੇ ਸਬੰਧਤ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ।
ਪ੍ਰਾਹੁਣਚਾਰੀ ਵਿਭਾਗ ਦੀ ਡਾਇਰੈਕਟਰ ਸੋਨਾਲੀ ਗਿਰਿ ਨੇ ਇਸ ਸਿਫ਼ਾਰਿਸ਼ 'ਤੇ ਕਾਰਵਾਈ ਕਰਦਿਆਂ ਸਰਕਟ ਹਾਊਸ ਪਟਿਆਲਾ ਦੇ ਸੁਪਰਵਾਈਜ਼ਰ ਦਰਸ਼ਨ ਸਿੰਘ ਦੀ ਬਦਲੀ ਲੇਖਾ ਸ਼ਾਖਾ ਸਿਵਲ ਸਕੱਤਰੇਤ-1 ਵਿੱਚ ਕਰ ਦਿੱਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਆਖ਼ਰੀ ਮੁੱਖ ਮੰਤਰੀ ਸਨ ਜੋ ਸਰਕਟ ਹਾਊਸ’ਜ਼ ਵਿੱਚ ਠਹਿਰਦੇ ਸਨ। ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੇ ਸਰਕਟ ਹਾਊਸ ’ਚ ਤਾਂ ਠਹਿਰਦੇ ਰਹੇ ਪਰ ਬਾਕੀ ਜ਼ਿਲ੍ਹਿਆਂ ਵਿੱਚ ਉਨ੍ਹਾਂ ਨੇ ਆਪਣੇ ਨੇੜਲਿਆਂ ਦੇ ਘਰਾਂ ਵਿੱਚ ਰਹਿਣ ਨੂੰ ਤਰਜੀਹ ਦਿੱਤੀ।