
'ਨਕਲੀ ਵਕੀਲ' ਖਿੱਚ ਰਿਹਾ ਸੀ 1984 ਸਿੱਖ ਨਸਲਕੁਸ਼ੀ ਕੇਸ ਦੇ ਗਵਾਹ ਦੀਆਂ ਤਸਵੀਰਾਂ, ਮੌਕੇ 'ਤੇ ਕਾਬੂ
ਨਵੀਂ ਦਿੱਲੀ, 20 ਅਕਤੂਬਰ : 1984 ਸਿੱਖ ਨਸਲਕੁਸ਼ੀ ਦੇ ਮੁੱਖ ਗਵਾਹ ਅਭਿਸ਼ੇਕ ਵਰਮਾ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਟੀਮ ਨੇ ਵਕੀਲ ਦਾ ਭੇਸ ਧਾਰੀ ਫਿਰਦੇ ਇਕ ਵਿਅਕਤੀ ਨੂੰ ਇੱਥੇ ਰਾਊਸ ਐਵੇਨਿਊ ਸਥਿਤ ਸੀ.ਬੀ.ਆਈ. ਅਦਾਲਤ ਸਾਹਮਣੇ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਿਹਾ ਸੀ | ਹਾਲਾਂਕਿ, ਚਾਰ ਤੋਂ ਪੰਜ ਵਕੀਲਾਂ ਦੇ ਦਿਤੇ ਦਖ਼ਲ ਤੋਂ ਬਾਅਦ ਪ੍ਰਣਵ ਵਰਮਾ ਵਜੋਂ ਪਛਾਣੇ ਗਏ ਉਸ ਵਿਅਕਤੀ ਨੂੰ ਛੱਡ ਦਿਤਾ ਗਿਆ |
ਵਰਮਾ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਕਰਮਚਾਰੀ, ਹੈੱਡ ਕਾਂਸਟੇਬਲ ਪਰਵੀਨ ਅਤੇ ਕਾਂਸਟੇਬਲ ਰਾਜਪਾਲ ਨੇ ਹੌਜ ਖਾਸ ਪੁਲਿਸ ਸਟੇਸ਼ਨ ਦੇ ਰੋਜ਼ਨਾਮਚੇ ਵਿਚ ਸਾਰੀ ਘਟਨਾ ਦਾ ਵਰਨਣ ਲਿਖਿਆ | ਰੋਜ਼ਨਾਮਚਾ ਐਂਟਰੀ ਮੁਤਾਬਿਕ, ਮੰਗਲਵਾਰ 19 ਅਕਤੂਬਰ ਨੂੰ ਸਵੇਰੇ 9.30 ਵਜੇ ਉਹ ਵਰਮਾ ਦੇ ਨਾਲ ਰਾਊਸ ਐਵੇਨਿਊ ਅਦਾਲਤ ਵਿਖੇ ਪੇਸ਼ੀ ਲਈ ਪਹੁੰਚੇ ਸਨ | ਰਿਪੋਰਟ 'ਚ ਕਿਹਾ ਗਿਆ ਹੈ,''ਲਗਭਗ 9.45 ਵਜੇ ਜਦੋਂ ਉਹ ਕੰਪਲੈਕਸ ਵਿਚ ਸੀ.ਬੀ.ਆਈ. ਅਦਾਲਤ ਵਿਚ ਨਿਰਧਾਰਿਤ ਸੁਣਵਾਈ ਦਾ ਇੰਤਜ਼ਾਰ ਕਰ ਰਹੇ ਸਨ, ਵਕੀਲ ਦੇ ਕਪੜੇ ਪਹਿਨੇ ਹੋਏ ਇਕ ਵਿਅਕਤੀ ਉਥੇ ਆਇਆ ਅਤੇ ਵਰਮਾ ਅਤੇ ਉਸ ਨਾਲ ਮੌਜੂਦ ਪੁਲਿਸ ਕਰਮਚਾਰੀਆਂ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ |''
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਤਸਵੀਰਾਂ ਕਿਉਂ ਖਿੱਚ ਰਿਹਾ ਸੀ ਤਾਂ ਆਗਰਾ ਦੇ ਕਮਲਾ ਨਗਰ ਦੇ ਰਹਿਣ ਵਾਲਾ 22 ਸਾਲਾ ਪ੍ਰਣਵ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ |'' ਰੋਜ਼ਨਾਮਚੇ ਵਿਚ ਇਹ ਕਿਹਾ ਗਿਆ ਹੈ | ਸੂਤਰ ਨੇ ਕਿਹਾ,''ਬਾਅਦ ਵਿਚ ਜਦੋਂ ਪੁਲਿਸ ਅਧਿਕਾਰੀਆਂ ਨੇ ਪ੍ਰਣਵ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦਸਿਆ ਕਿ ਉਹ ਸੀ. ਐਡਮੰਡਜ਼ ਐਲਨ ਅਤੇ ਜਗਦੀਸ਼ ਟਾਈਟਲਰ ਲਈ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਹੀ ਉਹ ਤਸਵੀਰਾਂ ਖਿੱਚਣ ਲਈ ਇੱਥੇ ਆਇਆ ਸੀ |''
ਰੋਜ਼ਨਾਮਚੇ ਵਿਚ ਕਿਹਾ ਗਿਆ ਹੈ ਕਿ ਅਮਨ ਪਾਠਕ ਅਤੇ ਕੁਝ ਹੋਰ ਵਕੀਲਾਂ ਨੇ ਮਾਮਲੇ ਵਿਚ ਦਖ਼ਲ ਦੇ ਕੇ ਪ੍ਰਣਵ ਨੂੰ ਰਿਹਾਅ ਕਰਵਾ ਦਿਤਾ ਅਤੇ ਪ੍ਰਣਵ ਵਲੋਂ ਲਿਖਤੀ ਮੁਆਫ਼ੀ ਅਤੇ ਤਸਵੀਰਾਂ ਸਾਂਝੀਆਂ ਨਾ ਕਰਨ ਦਾ ਭਰੋਸਾ ਦਿਤਾ ਗਿਆ | ਵਰਨਣਯੋਗ ਹੈ ਕਿ ਵਰਮਾ ਸੀ.ਬੀ.ਆਈ. ਬਨਾਮ ਜਗਦੀਸ਼ ਟਾਈਟਲਰ ਕੇਸ ਦਾ ਮੁੱਖ ਗਵਾਹ ਹੈ | (ਏਜੰਸੀ)