
ਅਮਲੋਹ ਦੀ ਸਰੂ ਗੋਇਲ ਹਰਿਆਣੇ 'ਚ ਬਣੀ ਜੁਡੀਸ਼ੀਅਲ ਮੈਜਿਸਟ੍ਰੇਟ
ਅਮਲੋਹ, 20 ਅਕਤੂਬਰ (ਨਾਹਰ ਸਿੰਘ ਰੰਗੀਲਾ) : ਅਮਲੋਹ ਦੇ ਵਾਰਡ ਨੰਬਰ 1 ਦੇ ਵਸਨੀਕ ਅਰੁਣ ਗੋਇਲ ਦੀ ਹੋਣਹਾਰ ਪੁੱਤਰੀ ਸਰੂ ਗੋਇਲ ਹਰਿਆਣੇ ਵਿਚ ਬਤੌਰ ਜੁਡੀਸ਼ੀਅਲ ਮੈਜਿਸਟ੍ਰੇਟ ਚੁਣੀ ਗਈ, ਜਿਸ ਨਾਲ ਪਰਵਾਰ ਅਤੇ ਸ਼ਹਿਰ ਵਿਚ ਖ਼ੁਸ਼ੀ ਦਾ ਮਾਹੌਲ ਹੈ | ਸਰੂ ਗੋਇਲ ਨੇ ਦਸਿਆ ਕਿ 500 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਸੀ ਜਿਨ੍ਹਾਂ ਵਿਚੋਂ 120 ਬੱਚਿਆਂ ਦੀ ਚੋਣ ਹੋਈ | ਉਸ ਨੇ ਪ੍ਰਾਇਮਰੀ ਤਕ ਦੀ ਸਿਖਿਆ ਮਾਘੀ ਮੈਮੋਰੀਅਲ ਸਕੂਲ ਅਮਲੋਹ ਤੋਂ ਕਰਨ ਉਪਰੰਤ ਬਾਰਵੀਂ ਤਕ ਸੈਕਰਡ ਹਾਰਟ ਸਕੂਲ ਜਲਾਲਪੁਰ ਤੋਂ ਕਰਨ ਉਪਰੰਤ ਬੀ.ਏ, ਵਕਾਲਤ ਅਤੇ ਐਲ.ਐਲ.ਐਮ ਦੀ ਪੜ੍ਹਾਈ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਕੀਤੀ | ਉਸ ਨੇ ਦਸਿਆ ਕਿ ਉਸ ਦਾ ਜੁਡੀਸ਼ੀਅਲ ਮੈਜਿਸਟ੍ਰੇਟ ਬਨਣ ਦਾ ਸੁਪਨਾ ਸੀ ਅਤੇ ਉਸ ਦੇ ਸਵ. ਦਾਦਾ ਚਮਨ ਲਾਲ ਗੋਇਲ ਵੀ ਉਸ ਨੂੰ ਜੱਜ ਵੇਖਣਾ ਚਾਹੁੰਦੇ ਸਨ, ਜਿਸ ਕਾਰਨ ਉਹ 2016 ਤੋਂ ਇਸ ਦੀ ਤਿਆਰੀ ਕਰ ਰਹੀ ਸੀ |
ਵਰਣਨਯੋਗ ਹੈ ਕਿ ਇਸ ਪਰਵਾਰ ਦੇ ਮੈਂਬਰ ਪੀ.ਡੀ ਗੋਇਲ ਪਹਿਲਾ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਮੋਹਾਲੀ ਦੀ ਖਪਤਕਾਰ ਅਦਾਲਤ ਵਿਚ ਬਤੌਰ ਜੱਜ ਸੇਵਾ ਨਿਭਾਅ ਰਹੇ ਹਨ | ਉਸ ਨੇ ਦਸਿਆ ਕਿ ਉਸ ਦੇ ਦਾਦਾ ਸਵਰਗੀ ਚਮਨ ਲਾਲ ਗੋਇਲ ਦੀ ਮੁੱਢ ਤੋਂ ਹੀ ਉਸ ਨੂੰ ਜੱਜ ਬਣਾਉਣ ਦੀ ਇੱਛਾ ਸੀ | ਉਸ ਨੇ ਅਪਣੇ ਪਿਤਾ ਅਰੁਣ ਗੋਇਲ, ਮਾਤਾ ਸਿਪਾਲੀ ਗੋਇਲ, ਭਰਾ ਮਨਨ ਗੋਇਲ ਅਤੇ ਭੈਣ ਸਾਨੂੰ ਗੋਇਲ ਵਲੋਂ ਸਮੇਂ-ਸਮੇਂ ਸਿਰ ਉਸ ਨੂੰ ਦਿਤੇ ਸਹਿਯੋਗ ਦਾ ਜ਼ਿਕਰ ਕਰਦਿਆਂ ਉਸ ਦੀ ਕਾਮਯਾਬੀ ਦਾ ਸਿਹਰਾ ਇਨ੍ਹਾਂ ਨੂੰ ਵੀ ਦਿਤਾ | ਉਸ ਨੇ ਨੌਜਵਾਨਾਂ ਨੂੰ ਅਪਣੀ ਮੰਜਲ 'ਤੇ ਪਹੁੰਚਣ ਲਈ ਸਖ਼ਤ ਮਿਹਨਤ ਦੀ ਅਪੀਲ ਕੀਤੀ |
1
ਫ਼ੋਟੋ ਕੈਪਸਨ: ਜੱਜ ਬਣੀ ਸਰੂ ਗੋਇਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਮਾਤਾ-ਪਿਤਾ ਅਤੇ ਭੈਣ |-ਫ਼ੋਟੋ: ਰੰਗੀਲਾ