
ਕਾਲਜ ਪ੍ਰਬੰਧਕਾਂ ਖ਼ਿਲਾਫ਼ ਲਾਪਰਵਾਹੀ ਦਾ ਮਾਮਲਾ ਦਰਜ
ਡੇਰਾਬੱਸੀ: ਪੰਜਾਬ ਸਰਕਾਰ ਵੱਲੋਂ ਪੁਲਿਸ ਕਾਂਸਟੇਬਲ ਦੀ ਭਰਤੀ ਲਈ ਬੀਤੇ ਸ਼ੁੱਕਰਵਾਰ ਨੂੰ ਪ੍ਰਰੀਖਿਆ ਦੇਣ ਆਇਆ ਨੌਜਵਾਨ ਪ੍ਰੀਖਿਆ ਕੇਂਦਰ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਜਿਸ ਨੇ ਕੱਲ੍ਹ ਕਰੀਬ ਇੱਕ ਹਫ਼ਤੇ ਬਾਅਦ ਪੀਜੀਆਈ ਵਿਚ ਦਮ ਤੋੜ ਦਿੱਤਾ ਹੈ। ਪ੍ਰੀਖਿਆ ਕੇਂਦਰ ਯੂਨੀਵਰਸਲ ਕਾਲਜ ਨੂੰ ਬਣਾਇਆ ਗਿਆ ਸੀ, ਜਿੱਥੇ ਬਿਨ੍ਹਾਂ ਦਰਵਾਜੇ ਦੀ ਖ਼ਰਾਬ ਲਿਫਟ ਤੋਂ ਨੌਜਵਾਨ ਸਿੱਧਾ ਗਰਾਊਂਡ ਫਲੋਰ 'ਤੇ ਜਾ ਡਿੱਗਿਆ ਸੀ। ਭਾਵੇਂ ਪੁਲਿਸ ਨੇ ਇਸ ਮਾਮਲੇ ਵਿਚ ਕਾਲਜ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕਰ ਗਿਆ ਹੈ।
ਜਾਣਕਾਰੀ ਅਨੁਸਾਰ ਯੂਨੀਵਰਸਲ ਇੰਜਨੀਅਰਿੰਗ ਕਾਲਜ ਬੱਲੋਪੁਰ ਨੂੰ ਪੁਲਿਸ ਭਰਤੀ ਦਾ ਪ੍ਰਰੀਖਿਆ ਕੇਂਦਰ ਬਣਾਇਆ ਗਿਆ ਸੀ, ਜਿੱਥੇ ਦੂਰ-ਦੂਰ ਤੋਂ ਉਮੀਦਵਾਰ ਪ੍ਰੀਖਿਆ ਦੇਣ ਲਈ ਆਏ ਹੋਏ ਸਨ। ਸ਼ੁੱਕਰਵਾਰ ਸਵੇਰੇ ਪ੍ਰੀਖਿਆ ਸਥਾਨ 'ਤੇ ਗੌਰਵ ਪੁੱਤਰ ਸੁੰਦਰ ਵਾਸੀ ਬਠਿੰਡਾ ਦੀ ਪ੍ਰੀਖਿਆ ਦੂਜੀ ਮੰਜ਼ਿਲ 'ਤੇ ਕਮਰਾ ਨੰਬਰ 419 ਵਿਚ ਸੀ। ਗੌਰਵ ਦੇ ਵੱਡੇ ਭਰਾ ਵਿਕਾਸ ਨੇ ਦੱਸਿਆ ਕਿ ਦੂਜੀ ਮੰਜਿਲ 'ਤੇ ਪੌੜੀਆਂ ਦੇ ਨਾਲ ਲਿਫਟ ਤੇ ਨਾਲ ਹੀ ਪਖਾਨਾ ਬਣਿਆ ਹੋਇਆ ਸੀ।
ਲਿਫਟ ਖ਼ਰਾਬ ਹੋਣ ਕਾਰਨ ਉਸ ਦੇ ਦਰਵਾਜੇ ਵੀ ਨਹੀਂ ਸਨ। ਗੌਰਵ ਜਲਦਬਾਜੀ 'ਚ ਪਖਾਨੇ 'ਚ ਵੜਨ ਦੀ ਬਜਾਏ ਗ਼ਲਤੀ ਨਾਲ ਲਿਫ਼ਟ ਵਾਲੇ ਸਥਾਨ 'ਚ ਵੜ ਗਿਆ, ਜਿੱਥੋਂ ਸਿੱਧਾ ਉਹ ਹੇਠਲੀ ਮੰਜ਼ਿਲ 'ਤੇ ਡਿੱਗ ਗਿਆ ਅਤੇ ਉਸ ਦੇ ਸਰੀਰ ਵਿਚ ਕਈ ਫ੍ਰੈਕਚਰ ਅਤੇ ਹੋਰ ਸੱਟਾਂ ਲੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ, ਉਸ ਦਿਨ ਤੋਂ ਗੌਰਵ ਵੈਂਟੀਲੇਟਰ 'ਤੇ ਚਲ ਰਿਹਾ ਸੀ, ਜਿੱਥੇ ਵੀਰਵਾਰ ਦੇਰ ਸ਼ਾਮ ਨੂੰ ਗੌਰਵ ਦੀ ਮੌਤ ਹੋ ਗਈ। ਵਿਕਾਸ ਅਨੁਸਾਰ ਉਹ ਖੁਦ ਉਸ ਥਾਂ 'ਤੇ ਗਿਆ ਸੀ ਜਿੱਥੇ ਹਾਦਸੇ ਤੋਂ ਬਾਅਦ ਹੁਣ ਲਿਫਟ ਠੀਕ ਕਰ ਦਿੱਤੀ ਗਈ ਹੈ
ਵਿਕਾਸ ਨੇ ਦੱਸਿਆ ਕਿ ਪਰਿਵਾਰ 'ਚ ਦੋ ਭਰਾ ਤੇ ਇਕ ਭੈਣ ਹੈ। ਭੈਣ ਦਾ ਵਿਆਹ ਇਸੇ ਦਸੰਬਰ ਨੂੰ ਤੈਅ ਹੈ, ਗੌਰਵ ਰੁਜਗਾਰ ਦੀ ਭਾਲ਼ 'ਚ ਪੁਲਿਸ ਭਰਤੀ 'ਚ ਸ਼ਾਮਿਲ ਹੋਣ ਲਈ ਆਇਆ ਸੀ ਪਰ ਪ੍ਰੀਖਿਆ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਉਸ ਦੀ ਜਾਨ ਚਲੀ ਗਈ। ਉਸ ਨੇ ਦੋਸ਼ ਲਾਇਆ ਕਿ ਹਾਦਸੇ ਦਾ ਕਾਰਨ ਗੰਭੀਰ ਲਾਪ੍ਰਵਾਹੀ ਹੈ, ਬਿਨਾਂ ਦਰਵਾਜੇ ਤੋਂ ਖ਼ਰਾਬ ਲਿਫਟ ਨੂੰ ਖੁੱਲਾ ਕਿਉਂ ਰੱਖਿਆ ਗਿਆ ਤੇ ਉਸ ਦੇ ਸਾਹਮਣੇ ਬੈਰੀਗੇਟਿਗ ਕਿਉਂ ਨਹੀਂ ਕੀਤੀ ਗਈ ਅਤੇ ਉੱਥੇ ਸੀਸੀਟੀਵੀ ਕੈਮਰੇ ਵੀ ਕਿਉਂ ਨਹੀਂ ਲਗਾਏ ਗਏ। ਇਨ੍ਹਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਲਜ ਪ੍ਰਬੰਧਕ ਹੋਣ ਜਾਂ ਪ੍ਰੀਖਿਆ ਲੈਣ ਵਾਲੀ ਏਜੰਸੀ, ਲਾਪ੍ਰਵਾਹੀ ਦੇ ਲਈ ਜੋ ਦੋਸ਼ੀ ਹੋਵੇਗਾ, ਉਸ ਵਿਰੁੱਧ ਸਖ਼ਤ ਕਰਵਾਈ ਕੀਤੀ ਜਾਵੇ।