
ਕਿਸਾਨਾਂ ਨੇ ਟਰਾਲੀ ਛੱਡ ਕੇ ਭੱਜ ਰਹੇ ਮੁਲਜ਼ਮ ਨੂੰ ਫੜਿਆ, ਪੁਲਿਸ ਹਵਾਲੇ ਕੀਤਾ, ਉਸਦੇ ਬੈਗ ਵਿੱਚੋਂ ਤੇਜ਼ਧਾਰ ਹਥਿਆਰ ਬਰਾਮਦ
ਸੰਗਰੂਰ: ਬੀਤੀ 9 ਅਕਤੂਬਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਬਾਹਰ ਕਿਸਾਨਾਂ ਦਾ ਪੱਕਾ ਧਰਨਾ ਲਗਾਇਆ ਹੋਇਆ ਹੈ। ਇਸੇ ਧਰਨੇ ਤੋਂ ਘਰਾਂ ਨੂੰ ਪਰਤ ਰਹੇ ਟਰੈਕਟਰ ਟਰਾਲੀ ‘ਚ ਮੌਜੂਦ ਕਿਸਾਨਾਂ ‘ਤੇ ਇੱਕ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੱਸ ਦਈਏ ਕਿ ਕਿਸਾਨਾਂ ਮੁਤਾਬਕ ਨੌਜਵਾਨ ਨੇ ਆਪਣੇ ਦੰਦਾਂ ਨਾਲ ਇੱਕ ਕਿਸਾਨ ਦੀ ਗੱਲ੍ਹ ਵੱਢ ਲਈ ਅਤੇ ਡੂੰਘਾ ਜ਼ਖ਼ਮ ਕਰ ਦਿੱਤਾ।
ਇੰਨਾਂ ਹੀ ਨਹੀਂ ਹਮਲਾਵਰ ਵਲੋਂ ਟਰਾਲੀ ‘ਚ ਬੈਠੇ ਹੋਰ ਕਿਸਾਨਾਂ ‘ਤੇ ਵੀ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਇੱਕ ਹੋਰ ਕਿਸਾਨ ਦਾ ਹੱਥ ਛੁਰੇ ਨਾਲ ਜ਼ਖਮੀ ਹੋ ਗਿਆ। ਕਿਸਾਨਾਂ ਅਨੁਸਾਰ ਹਮਲਾਵਰ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ। ਨਾਲ ਹੀ ਦੱਸ ਦਈਏ ਕਿ ਕਿਸਾਨਾਂ ਨੇ ਟਰਾਲੀ ਛੱਡ ਕੇ ਭੱਜ ਰਹੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੂੰ ਉਸ ਦੇ ਬੈਗ ‘ਚੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ।
ਇਸ ਹਮਲੇ ‘ਚ ਜ਼ਖ਼ਮੀ ਕਿਸਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਕੌਣ ਹੈ ਅਤੇ ਉਸ ਨੇ ਅਜਿਹਾ ਕਿਉਂ ਕੀਤਾ।