
PRTC ਬੱਸ ਦੇ ਬੁਲੇਟ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Faridkot Accident News in punjabi : ਫ਼ਰੀਦਕੋਟ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਪੀਆਰਟੀਸੀ ਬੱਸ ਨੇ ਇੱਕ ਬੁਲੇਟ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਹੈ।
ਇਹ ਹਾਦਸਾ ਸੋਮਵਾਰ ਦੁਪਹਿਰ ਨੂੰ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦੇ ਮੁਕਤਸਰ ਸਾਹਿਬ ਰੋਡ ਓਵਰਬ੍ਰਿਜ 'ਤੇ ਵਾਪਰਿਆ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ (18) ਪੁੱਤਰ ਇਕਬਾਲ ਸਿੰਘ ਵਾਸੀ ਮਚਾਕੀ ਮੱਲ ਸਿੰਘ ਵਾਲਾ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਸਿਟੀ ਕੋਟਕਪੂਰਾ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਕੋਟਕਪੂਰਾ ਨੇੜਲੇ ਪਿੰਡ ਮਚਾਕੀ ਮੱਲ ਸਿੰਘ ਵਾਲਾ ਦੇ ਵਸਨੀਕ ਇਕਬਾਲ ਸਿੰਘ ਦਾ ਪੁੱਤਰ ਰਮਨਦੀਪ ਸਿੰਘ (18) ਆਪਣੇ ਦੋਸਤ ਮਨਰਾਜ ਸਿੰਘ (16) ਪੁੱਤਰ ਜਸਵਿੰਦਰ ਸਿੰਘ ਵਾਸੀ ਧੀਮਾਨਵਾਲੀ ਨਾਲ ਬੁਲੇਟ 'ਤੇ ਕੋਟਕਪੂਰਾ ਸ਼ਹਿਰ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ। ਜਦੋਂ ਉਹ ਮੁਕਤਸਰ ਸਾਹਿਬ ਰੋਡ ਓਵਰਬ੍ਰਿਜ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪੀਆਰਟੀਸੀ ਬੱਸ ਨੇ ਪੁਲ ਦੇ ਤਿਰਛੇ ਮੋੜ 'ਤੇ ਉਸ ਦੇ ਬੁਲੇਟ ਨੂੰ ਟੱਕਰ ਮਾਰ ਦਿੱਤੀ।