
ਮੁੱਖ ਮੰਤਰੀ ਵਲੋਂ 107 ਸਿਹਤ ਕੇਂਦਰਾ ਦਾ ਪੰਜਾਬ ਭਰ ਵਿਚ ਆਨਲਾਈਨ ਉਦਘਾਟਨ ਕੀਤਾ ਗਿਆ
ਚੰਡੀਗੜ੍ਹ : ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਹੈ। ਇਸ ਦੇ ਚੱਲਦੇ ਮੁੱਖ ਮੰਤਰੀ ਵਲੋਂ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਮੁੱਖ ਮੰਤਰੀ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਦਸੰਬਰ ਦੇ ਅੱਧ ਵਿਚ ਕੋਰੋਨਾ ਲਾਗ ਦੀ ਬੀਮਾਰੀ ਦੀ ਦੂਜੀ ਲਹਿਰ ਆ ਸਕਦੀ ਹੈ।
Corona Virus
ਇਸ ਲਈ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਪੂਰੀ ਤਰ੍ਹਾਂ ਸਰਗਰਮ ਰਹਿਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਮੁੱਖ ਮੰਤਰੀ ਵਲੋਂ 107 ਸਿਹਤ ਕੇਂਦਰਾ ਦਾ ਪੰਜਾਬ ਭਰ ਵਿਚ ਆਨਲਾਈਨ ਉਦਘਾਟਨ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਕੋਰੋਨਾ ਟੈਸਟ ਦੀ ਸਮਰੱਥਾ ਵੀ ਵਧਾ ਦਿੱਤੀ ਗਈ ਹੈ, ਇਸ ਲਈ ਸਿਹਤ ਵਿਭਾਗ ਸ਼ਲਾਘਾਯੋਗ ਕੰਮ ਕਰ ਰਿਹਾ ਹੈ।
Mask
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਅਜੇ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਅਤੇ ਪੂਰਨ ਅਹਿਤਿਆਤ ਦੀ ਲੋੜ ਹੈ ਤੇ ਮਾਸਕ ਨੂੰ ਹੀ ਕੋਰੋਨਾ ਤੋਂ ਬਚਣ ਦਾ ਹਥਿਆਰ ਸਮਝਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਪੰਜਾਬ ਵਿਚ ਵੀ ਕੋਰੋਨਾ ਪੀੜਤਾ ਦੀ ਗਿਣਤੀ ਆਏ ਦਿਨ ਵੱਧ ਰਹੀ ਹੈ, ਉਥੇ ਹੀ ਦੇਸ਼ ਦੇ ਕੁੱਝ ਸੂਬਿਆਂ ਵਿਚ ਤਾਲਾਬੰਦੀ ਅਤੇ ਪਬਲਿਕ ਕਰਫਿਊ ਲਗਾ ਦਿੱਤਾ ਗਿਆ ਹੈ।
Captain Amarinder Singh
ਇਸ ਤੋਂ ਇਲਾਵਾ ਹਰਿਆਣਾ ਵਿਚ ਵੀ ਸਰਕਾਰ ਵਲੋਂ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਜਦਕਿ ਪੰਜਾਬ ਸਰਕਾਰ ਵਲੋਂ ਵੀ ਸਾਰੇ ਮਾਮਲੇ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ।