
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਆਗਾਮੀ ਡੀਡੀਸੀ ਚੋਣਾਂ ਲਈ ਨਿਰਵਿਘਨ ਮੁਹਿੰਮ ਦਾ ਦਿਤਾ ਭਰੋਸਾ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਆਗਾਮੀ ਡੀਡੀਸੀ ਚੋਣਾਂ ਲਈ ਨਿਰਵਿਘਨ ਮੁਹਿੰਮ ਦਾ ਦਿਤਾ ਭਰੋਸਾ
ਸ੍ਰੀਨਗਰ, 20 ਨਵੰਬਰ : ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਾਜਨੀਤਿਕ ਪਾਰਟੀਆਂ ਨੂੰ ਆਗਾਮੀ ਜ਼ਿਲ੍ਹਾ ਵਿਕਾਸ ਪ੍ਰਰੀਸ਼ਦ (ਡੀਡੀਸੀ) ਚੋਣਾਂ ਲਈ ਸੁਚਾਰੂ ਮੁਹਿੰਮ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਹ ਚੋਣ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰੇਗੀ।
ਸੀਪੀਆਈ (ਐਮ) ਦੇ ਆਗੂ ਮੁਹੰਮਦ ਯੂਸਫ਼ ਤਾਰੀਗਾਮੀ ਦੇ ਇਕ ਪੱਤਰ ਦੇ ਜਵਾਬ ਵਿਚ, ਜਿਸ ਵਿਚ ਉਮੀਦਵਾਰਾਂ ਨੂੰ ਅਪਣੇ ਹਲਕਿਆਂ ਤੋਂ ਬਾਹਰ ਰੱਖਣ ਅਤੇ ਚੋਣ ਪ੍ਰਚਾਰ ਦੀ ਇਜਾਜ਼ਤ ਨਾ ਦੇਣ ਦਾ ਮੁੱਦਾ ਉਠਾਇਆ ਗਿਆ ਸੀ, ਸਿਨਹਾ ਨੇ ਕਿਹਾ ਕਿ ਉਨ੍ਹਾਂ ਨੇ ਚਿੰਤਾਵਾਂ ਦਾ ਨੋਟਿਸ ਲਿਆ ਹੈ ਅਤੇ ' ਲੋੜੀਂਦੀਆਂ ਹਦਾਇਤਾਂ' ਦਿਤੀਆਂ ਹਨ। ਦੱਖਣੀ ਕਸ਼ਮੀਰ ਦੇ ਅਤਿਵਾਦ ਪ੍ਰਭਾਵਤ ਕੁਲਗਾਮ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਤਾਰੀਗਾਮੀ ਨੇ ਉਪ ਰਾਜਪਾਲ ਨੂੰ ਦਸਿਆ ਸੀ ਕਿ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ''ਜਾਨ ਦੇ ਖ਼ਤਰੇ ਦੇ ਮੱਦੇਨਜ਼ਰ'' ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ ਅਤੇ “ਉਨ੍ਹਾਂ ਨੂੰ ਇਕ ਜਗ੍ਹਾ ਇਕੱਠੇ ਰਖਿਆ ਗਿਆ ਹੈ।'' ਚਿੱਠੀ ਵਿਚ ਕਿਹਾ ਗਿਆ ਹੈ, 'ਉਮੀਦਵਾਰਾਂ ਨੂੰ ਉਨ੍ਹਾਂ ਦੀ ਇੱਛਾ ਵਿਰੁਧ ਯਾਤਰਾ ਕਰਨ ਅਤੇ ਪ੍ਰਚਾਰ ਕਰਨ 'ਤੇ ਪਾਬੰਦੀ ਹੈ। ਕੁਝ ਮਾਮਲਿਆਂ ਵਿਚ ਉਨ੍ਹਾਂ ਨੂੰ ਪਾਰਟੀ ਮੀਟਿੰਗਾਂ ਵਿਚ ਵੀ ਸ਼ਾਮਲ ਨਹੀਂ ਹੋਣ ਦਿਤਾ ਗਿਆ। (ਪੀਟੀਆਈ)