
ਮੱਛੀ ਅਤੇ ਝੀਂਗਾ ਪਾਲਕ ਉਤਪਾਦਨ ਵਧਾਉਣ ਲਈ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲਉ
ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਤ੍ਰਿਪਤ ਬਾਜਵਾ ਵਲੋਂ ਮੱਛੀ ਪਾਲਕਾਂ ਨੂੰ ਵਧਾਈ
ਚੰਡੀਗੜ੍ਹ, 20 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਸੂਬੇ ਦੇ ਮੱਛੀ ਪਾਲਕਾਂ ਨੂੰ ਵਧਾਈ ਦਿੰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਤ੍ਰਿਪਤ ਬਾਜਵਾ ਨੇ ਅੱਜ ਇਥੋਂ ਜਾਰੀ ਬਿਆਨ ਵਿਚ ਕਿਹਾ ਕਿ ਰਾਜ ਮੱਛੀ ਪਾਲਣ ਦੇ ਖੇਤਰ ਵਿਚ ਲਗਾਤਾਰ ਪ੍ਰਗਤੀ ਕਰ ਰਿਹਾ ਹੈ।
ਪੰਜਾਬ ਵਿਚ ਮੱਛੀ ਪਾਲਣ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਮੱਛੀ ਉਤਪਾਦਨ ਨੂੰ ਵਧਾਉਣ ਲਈ ਖਾਸ ਜ਼ੋਰ ਦਿਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਦਿਹਾੜਾ 21 ਨਵੰਬਰ ਨੂੰ ਦੁਨੀਆਂ ਭਰ ਵਿਚ ਮੌਜੂਦ ਪਾਣੀ ਦੇ ਅਸੀਮ ਸਰੋਤਾਂ, ਜੋ ਕਿ ਕਰੋੜਾਂ ਲੋਕਾਂ ਦੇ ਭੋਜਨ ਅਤੇ ਆਮਦਨ ਦਾ ਸਾਧਨ ਹਨ, ਨੂੰ ਪਛਾਣਨ ਅਤੇ ਇਹਨਾਂ ਨੂੰ ਟਿਕਾਊ ਤਰੀਕੇ ਨਾਲ ਵਰਤਣ ਲਈ ਸਮਰਪਤ ਹੈ। ਉਨ੍ਹਾਂ ਦਸਿਆ ਕਿ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਵੀ ਰਾਜ ਵਿਚ ਮੱਛੀ ਪਾਲਕਾਂ ਅਤੇ ਝੀਂਗਾ ਪਾਲਕਾਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਵਲੋਂ ਮੱਛੀ ਉਤਪਾਦਨ ਅਤੇ ਮੱਛੀ / ਝੀਂਗਾ ਪਾਲਣ ਅਧੀਨ ਰਕਬੇ 'ਤੇ ਜਿਆਦਾ ਪ੍ਰਭਾਵ ਨਹੀਂ ਪੈਣ ਦਿਤਾ। ਉਨਾਂ ਦਸਿਆ ਕਿ ਸੂਬੇ ਵਿਚ ਮੱਛੀ ਪਾਲਣ ਨੂੰ ਵਿਕਸਤ ਕਰਨ ਲਈ ਸਰਕਾਰ ਵਲੋਂ ਹਾਲ ਹੀ ਵਿਚ ਪਿੰਡ ਅਲੀਸ਼ੇਰ ਖ਼ੁਰਦ, ਜ਼ਿਲ੍ਹਾ ਮਾਨਸਾ ਵਿਖੇ ਇਕ ਸਰਕਾਰੀ ਮੱਛੀ ਪੂੰਗ ਫ਼ਾਰਮ ਬਣਾਇਆ ਗਿਆ ਹੈ ਅਤੇ ਪਿੰਡ ਕਿੱਲ੍ਹਿਆਂ ਵਾਲੀ ਜ਼ਿਲ੍ਹਾ ਫ਼ਾਜਲਿਕਾ ਵਿਖੇ ਇਕ ਹੋਰ ਸਰਕਾਰੀ ਮੱਛੀ ਪੂੰਗ ਫ਼ਾਰਮ ਸਥਾਪਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਖਾਰੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਝੀਂਗੇ ਦੇ ਉਤਪਾਦਨ ਨੂੰ ਵਧਾਉਣ ਦੇ ਮੰਤਵ ਨਾਲ ਪਿੰਡ ਈਨਾ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਡੈਮੇਸਟਰੇਸ਼ਨ ਫ਼ਾਰਮ ਕਮ-ਟ੍ਰੇਨਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ।
ਸ਼੍ਰੀ ਬਾਜਵਾ ਨੇ ਦੱਸਿਆ ਕਿ ਮੱਛੀ ਅਤੇ ਝੀਂਗਾ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤਲਾਬ ਤਿਆਰ ਕਰਨ ਵਾਸਤੇ ਅਤੇ ਪਹਿਲੇ ਸਾਲ ਦੀ ਖਾਦ-ਖੁਰਾਕ 'ਤੇ ਸਬਸਿਡੀ ਦਿਤੀ ਜਾ ਰਹੀ ਹੈ। ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਸਾਰੇ ਇੱਛੁਕ ਮੱਛੀ/ ਝੀਂਗਾ ਪਾਲਕ ਅਪਣੇ-ਅਪਣੇ ਸਬੰਧਤ ਜ਼ਿਲ੍ਹਿਆਂ ਵਿਚ ਅਪਲਾਈ ਕਰ ਸਕਦੇ ਹਨ।image