
ਐਨਆਈਏ ਨੇ ਸੋਨਾ ਤਸਕਰੀ ਮਾਮਲੇ 'ਚ ਕੇਰਲ 'ਚ ਪੰਜ ਥਾਵਾਂ 'ਤੇ ਲਈ ਤਲਾਸ਼ੀ
ਕੌਮੀ ਜਾਂਚ ਏਜੰਸੀ ਹੁਣ ਤਕ 21 ਲੋਕਾਂ ਨੂੰ ਕਰ ਚੁਕੀ ਹੈ ਗ੍ਰਿਫ਼ਤਾਰ
ਨਵੀਂ ਦਿੱਲੀ, 20 ਨਵੰਬਰ : ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸ਼ੁਕਰਵਾਰ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਵਿਚ ਕੇਰਲਾ ਵਿਚ ਪੰਜ ਥਾਵਾਂ 'ਤੇ ਤਲਾਸ਼ੀ ਲਈ। ਐਨਆਈਏ ਦੇ ਇਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿਤੀ।
ਇਹ ਤਲਾਸ਼ੀ ਪੰਜ ਮੁਲਜ਼ਮਾਂ ਮੁਹੰਮਦ ਅਸਲਮ, ਅਬਦੁੱਲ ਲਤੀਫ਼, ਨਜ਼ਰੂਦੀਨ ਸ਼ਾ, ਰਮਜ਼ਾਨ ਪੀ ਅਤੇ ਮੁਹੰਮਦ ਮਨਸੂਰ ਦੇ ਘਰਾਂ 'ਤੇ ਕੀਤੀ ਗਈ।
ਏਜੰਸੀ ਨੇ ਕਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਯੂਏ ਦੇ ਸਫ਼ਾਰਤਖਾਨੇ ਲਈ ਆਏ ਕੂਟਨੀਤਕ ਸਾਮਾਨ ਰਾਹੀਂ ਸੋਨੇ ਦੀ ਤਸਕਰੀ ਕਰਨ ਵਿਚ ਇਕ ਮੁਲਜ਼ਮ ਦੀ ਮਦਦ ਕੀਤੀ।
ਬੁਲਾਰੇ ਨੇ ਦਸਿਆ ਕਿ ਜਾਂਚ ਦੌਰਾਨ ਕਈ ਇਲੈਕਟ੍ਰਾਨਿਕ ਉਪਕਰਣ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ। ਐਨਆਈਏ ਹੁਣ ਤਕ 21 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁਕੀ ਹੈ।
ਐਨਆਈਏ ਨੇ ਕੇਰਲਾ ਦੀ ਰਾਜਧਾਨੀ ਤ੍ਰਿਵੇਂਦ੍ਰਮ ਹਵਾਈ ਅੱਡੇ 'ਤੇ ਯੂਏਈ ਦੇ ਕੌਂਸਲੇਟ ਲਈ ਪਹੁੰਚੇ ਸਮਾਨ ਤੋਂ 14.82 ਕਰੋੜ ਰੁਪਏ ਦੇ 30 ਕਿਲੋ ਸੋਨੇ ਦੀ ਜ਼ਬਤੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। (ਪੀਟੀਆਈ)