
ਪਾਕਿਸਤਾਨ ਦੇ ਪਹਿਲੇ ਪਗੜੀਧਾਰੀ ਸਿੱਖ ਐਂਕਰ ਨੇ ਮੁੜ ਰਚਿਆ ਇਤਿਹਾਸ
ਨੈਸ਼ਨਲ ਪ੍ਰੈੱਸ ਕਲੱਬ ਇਸਲਾਮਾਬਾਦ ਦੀ ਪ੍ਰਬੰਧਕੀ ਕਮੇਟੀ ਦਾ ਮੈਂਬਰ ਚੁਣਿਆ
ਇਸਲਾਮਾਬਾਦ, 20 ਨਵੰਬਰ : ਪਾਕਿਸਤਾਨ ਵਿਚ ਨੈਸ਼ਨਲ ਪ੍ਰੈੱਸ ਕਲੱਬ, ਇਸਲਾਮਾਬਾਦ ਦੀ ਪ੍ਰਬੰਧਕੀ ਕਮੇਟੀ ਦੀਆਂ ਬੀਤੇ ਦਿਨੀਂ ਚੋਣਾਂ ਹੋਈਆਂ ਹਨ। ਇਨ੍ਹਾਂ ਚੋਣਾਂ ਵਿਚ ਪਹਿਲਾਂ ਪਾਕਿਸਤਾਨੀ ਸਿੱਖ ਮੈਂਬਰ ਚੁਣਿਆ ਗਿਆ ਹੈ ਜਿਸ ਦਾ ਨਾਮ ਹਰਮੀਤ ਸਿੰਘ ਹੈ। ਹਰਮੀਤ ਸਿੰਘ ਨੇ ਕੁੱਲ 75 ਵੋਟਾਂ ਹਾਸਲ ਕਰ ਕੇ 7ਵਾਂ ਸਥਾਨ ਹਾਸਲ ਕੀਤਾ। ਨੈਸ਼ਨਲ ਪ੍ਰੈੱਸ ਕਲੱਬ ਰਾਵਲਪਿੰਡੀ ਅਤੇ ਪਾਕਿਸਤਾਨ ਦੀ ਸੰਘੀ ਰਾਜਧਾਨੀ ਇਸਲਾਮਾਬਾਦ ਸਥਿਤ ਪੱਤਰਕਾਰਾਂ ਦੀ ਪ੍ਰਤੀਨਿਧ ਸੰਸਥਾ ਹੈ। ਇਹ ਸੰਸਥਾ 2500 ਤੋਂ ਵੱਧ ਪੱਤਰਕਾਰਾਂ ਨੂੰ ਦਰਸਾਉਂਦੀ ਹੈ। ਇਸ ਮੌਕੇ ਹਰਮੀਤ ਸਿੰਘ ਨੇ ਕਿਹਾ ਕਿ ਇਹਨਾਂ ਚੋਣਾਂ ਵਿਚ 15 ਮੈਂਬਰ ਹੀ ਬਣਦੇ ਹਨ ਅਤੇ ਮੁਕਾਬਲਾ ਕਾਫ਼ੀ ਸਖ਼ਤ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦਾ ਸੱਭ ਤੋਂ ਵੱਡਾ ਪ੍ਰੈੱਸ ਕਲੱਬ ਹੈ, ਇਸ ਵਿਚ ਈਸਾਈ ਅਤੇ ਹਿੰਦੂ ਘੱਟ ਗਿਣਤੀ ਭਾਈਚਾਰੇ ਵਿਚੋਂ ਕਈ ਵਾਰ ਮੈਂਬਰ ਬਣੇ ਹਨ ਪਰ ਸਿੱਖਾਂ ਵਿਚੋਂ ਪਹਿਲੀ ਵਾਰ ਉਨ੍ਹਾਂ ਨੇ ਚੋਣ ਲੜੀ
ਅਤੇ ਜਿੱਤ ਵੀ ਹਾਸਲ ਕੀਤੀ।
ਹਰਮੀਤ (30) ਉਰਦੂ ਚੈਨਲ, “ਪਬਲਿਕ ਨਿਊਜ਼” ਨਾਲ ਨਵੇਂ ਐਂਕਰ ਵਜੋਂ ਬ੍ਰੇਕ ਪਾਉਣ ਦੀ ਪੇਸ਼ਕਸ਼ ਤੋਂ ਬਾਅਦ ਸੁਰਖ਼ੀਆਂ ਵਿਚ ਆ ਗਿਆ ਸੀ। ਅਜਿਹੇ ਸਮੇਂ ਵਿਚ ਜਦੋਂ ਪਾਕਿਸਤਾਨ ਵਿਚ ਘੱਟ ਗਿਣਤੀਆਂ ਅਪਣੇ ਹੱਕਾਂ ਲਈ ਲੜੀਆਂ ਸਨ ਤਾਂ ਗਲੋਬਲ ਪੱਧਰ 'ਤੇ ਅਪਣੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਇਹ ਉਸ ਲਈ ਸਹੀ ਮੌਕਾ ਸੀ, ਜੋ ਉਸ ਨੂੰ ਮਿਲਿਆ ਸੀ।
ਹਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਾਬੰਦੀਆਂ ਦੇ ਬਾਵਜੂਦ ਸਕਾਰਾਤਮਕ ਦ੍ਰਿਸ਼ਟੀਕੋਣ ਦੇ ਨਾਲ ਮੁੱਖ ਧਾਰਾ ਵਿਚ ਰਹਿ ਕੇ ਅਪਣੇ ਪਰਵਾਰ, ਪਾਕਿਸਤਾਨ ਵਿਚ ਅਪਣੀ ਕੌਮ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ,“ਇਸਲਾਮਾਬਾਦ ਪ੍ਰੈੱਸ ਕਲੱਬ ਇਕ ਪ੍ਰਮੁੱਖ ਮੰਚ ਹੈ ਜਿਥੋਂ ਮੈਂ ਪਾਕਿਸਤਾਨ ਦੇ ਮੰਤਰਾਲੇ ਨਾਲ ਘੱਟਗਿਣਤੀ ਮੁੱਦੇ ਉਠਾ ਸਕਦਾ ਹਾਂ। ਨਿਊਜ਼ ਐਂਕਰ ਦੇ ਤੌਰ 'ਤੇ ਪਹਿਲੇ ਪੱਗੜੀਧਾਰੀ ਸਿੱਖ ਹੋਣ ਦੇ ਇਤਿਹਾਸ ਨੂੰ ਲਿਖਣ ਤੋਂ ਬਾਅਦ, ਮੈਂ ਖ਼ੁਸ਼ ਹਾਂ ਕਿ ਆਜ਼ਾਦ ਪੱਤਰਕਾਰ ਪੈਨਲ ਤੋਂ ਹੁਣ ਪ੍ਰੈਸ ਕਲੱਬ ਵਿਚ ਚੁਣਿਆ ਗਿਆ ਮੈਂ ਪਹਿਲਾ ਸਿੱਖ ਹਾਂ।”
ਹਰਮੀਤ ਨੇ ਉਰਦੂ ਯੂਨੀਵਰਸਿਟੀ, ਕਰਾਚੀ ਤੋਂ ਪੱਤਰਕਾਰੀ ਵਿਚ ਮਾਸਟਰੀ ਕੀਤੀ ਹੈ। ਉਹ ਚਾਹੁੰਦਾ ਹੈ ਕਿ ਉਸ ਦਾ ਦੋ ਸਾਲਾ ਬੇਟਾ ਹਰਮਨਵੀਰ ਸਿੰਘ ਸ਼ੁਰੂ ਤੋਂ ਹੀ ਸਿੱਖ ਧਰਮ ਦੀ ਪਾਲਣਾ ਕਰੇ। ਉਸ ਨੇ ਕਿਹਾ,''ਪੱਗ ਨੇ ਮੇਰੀ ਸ਼ਖ਼ਸੀਅਤ ਨੂੰ ਨਾ ਸਿਰਫ਼ ਵਧਾਇਆ, ਬਲਕਿ ਮੈਨੂੰ ਭੀੜ ਵਿਚ ਵਿਸ਼ੇਸ਼ ਮਹਿਸੂਸ ਕਰਵਾਇਆ। ਮੈਨੂੰ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਮੇਰੇ ਮਾਪਿਆਂ ਨੇ ਮੈਨੂੰ ਬਚਪਨ ਤੋਂ ਹੀ 'ਸਿੱਖੀ ਸਰੂਪ' ਕਿਉਂ ਨਹੀਂ ਦਿਤਾ।”
ਉਸ ਨੂੰ ਅਫ਼ਸੋਸ ਹੈ ਕਿ ਵੀਜ਼ਾ ਪਾਬੰਦੀਆਂ ਕਾਰਨ ਉਸ ਨੂੰ ਕਦੇ ਵੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਨਹੀਂ ਮਿਲ ਸਕਿਆ। ਹਰਮੀਤ ਸਿੰਘ ਨੇ ਕਿਹਾ,“ਇਹ ਮੇਰੀ ਇੱਛਾ ਹੈ ਕਿ ਮੈਂ ਅਪਣੇ ਪਰਵਾਰ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਾ।” ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਪ੍ਰਾਂਤ ਦੇ ਸ਼ਾਂਗਲਾ ਜ਼ਿਲ੍ਹੇ ਦੇ ਕਸਬੇ ਚੱਕਸਰ ਦੇ ਰਹਿਣ ਵਾਲੇ, ਹਰਮੀਤ ਨੂੰ ਪਸ਼ਤੋ ਬੋਲਣ ਦੀ ਮੁਹਾਰਤ ਹੈ।
ਇਸ ਤੋਂ ਇਲਾਵਾ ਉਸ ਨੂੰ ਪੰimageਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਮੁਹਾਰਤ ਹਾਸਲ ਹੈ। ਉਸ ਦੇ ਪਿਤਾ ਇਕ ਸਰਕਾਰੀ ਹਸਪਤਾਲ ਵਿਚ ਡਿਸਪੈਂਸਰ ਸਨ ਅਤੇ ਉਹ ਅਪਣੇ ਪਰਵਾਰ ਵਿਚ ਇਕਲੌਤਾ ਵਿਅਕਤੀ ਹੈ ਜਿਸ ਨੇ ਪੇਸ਼ੇ ਵਜੋਂ ਪੱਤਰਕਾਰੀ ਨੂੰ ਚੁਣਿਆ। ਜਨਵਰੀ ਵਿਚ, ਉਸ ਨੇ ਅਪਣੇ 25 ਸਾਲਾ ਭਰਾ ਪਰਵਿੰਦਰ ਸਿੰਘ ਨੂੰ ਗਵਾ ਦਿਤਾ, ਜਿਸ ਦਾ ਨਿੱਜੀ ਕਾਰਨਾਂ ਕਰ ਕੇ ਪੇਸ਼ਾਵਰ ਵਿਚ ਕਤਲ ਕਰ ਦਿਤਾ ਗਿਆ ਸੀ।