
ਪੰਜਾਬ ਦੇ ਪਾਣੀਆਂ ਦਾ ਬਕਾਇਆ ਵਸੂਲਣ ਲਈ 21 ਲੱਖ ਪੰਜਾਬੀਆਂ ਵਲੋਂ ਦਸਤਖ਼ਤ ਕੀਤੀ ਪਟੀਸ਼ਨ ਜਮ੍ਹਾਂ ਕਰਵਾਈ ਗਈ ਹੈ।
ਲੁਧਿਆਣਾ - ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਦੀ ਅਗਵਾਈ 'ਚ ਅੱਜ ਇਕ ਮੀਟਿੰਗ ਹੋਈ। ਇਸ 'ਚ ਉਚੇਚੇ ਤੌਰ 'ਤੇ ਮਾਝਾ ਇੰਚਾਰਜ ਅਮਰੀਕ ਸਿੰਘ ਵਰਪਾਲ ਤੇ ਮਾਝਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਕਤ ਨੇਤਾਵਾਂ ਨੇ ਕਿਹਾ ਕਿ ਪੰਜਾਬ ਅਧਿਕਾਰ ਯਾਤਰਾ ਦੇ ਆਖ਼ਰੀ ਦਿਨ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪੰਜਾਬ ਦੇ ਪਾਣੀਆਂ ਦਾ ਬਕਾਇਆ ਵਸੂਲਣ ਲਈ 21 ਲੱਖ ਪੰਜਾਬੀਆਂ ਵਲੋਂ ਦਸਤਖ਼ਤ ਕੀਤੀ ਪਟੀਸ਼ਨ ਜਮ੍ਹਾਂ ਕਰਵਾਈ ਗਈ ਹੈ।
Simarjit Singh Bains
ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ਨਾਲ ਵੱਡੀ ਗਿਣਤੀ 'ਚ ਪਾਰਟੀ ਅਹੁਦੇਦਾਰ ਤੇ ਵਰਕਰ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਬਹਾਦਰਗੜ੍ਹ, ਰਾਜਪੁਰਾ, ਬਨੂੜ, ਮੁਹਾਲੀ ਤੱਕ ਵੱਡੀ ਗਿਣਤੀ 'ਚ ਪੁੱਜੇ। ਪਾਰਟੀ ਪ੍ਰਧਾਨ ਵਲੋਂ ਸਪੀਕਰ ਨੂੰ ਤਿੰਨ ਮਹੀਨੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਪਾਣੀ ਦੇ ਬਿੱਲ ਨਹੀਂ ਭੇਜੇ ਜਾਂਦੇ ਤਾਂ ਜਿੱਥੋਂ ਨਹਿਰਾਂ ਰਾਹੀਂ ਰਾਜਥਾਨ ਨੂੰ ਪਾਣੀ ਜਾਂਦਾ ਹੈ
Tubewell
ਉਥੋਂ ਮੋਘੇ ਬਣਾ ਕੇ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਖੇਤਾਂ ਨੂੰ ਪਾਣੀ ਦੇਵੇਗੀ। ਉਨ੍ਹਾਂ ਕਿਹਾ ਕਿ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ ਅਸੀਂ ਇਸ ਮੁਹਿੰਮ ਨੂੰ ਅੰਜ਼ਾਮ ਤੱਕ ਪਹੁੰਚਾ ਕੇ ਰਹਾਂਗੇ। ਉਨ੍ਹਾਂ ਬੈਂਸ ਨੂੰ ਸੂਬੇ ਦੇ ਪਾਣੀਆਂ ਦਾ ਰਾਖਾ ਐਲਾਨ ਕਰਦਿਆਂ ਕਿਹਾ ਕਿ ਬੈਂਸ ਨੇ ਸੂਬੇ ਦੇ ਹੱਕਾਂ ਦੀ ਲੜਾਈ ਲਈ ਨਵੀਂ ਪਿਰਤ ਪਾਈ ਹੈ ਤੇ ਜਿੰਨੀ ਦੇਰ ਤੱਕ ਸਾਡੇ ਪਾਣੀਆਂ ਦਾ ਮੁੱਲ ਨਹੀਂ ਮਿਲ ਜਾਂਦਾ ਉਨ੍ਹਾਂ ਸਮਾਂ ਚੈਨ ਨਾਲ ਨਾ ਤਾਂ ਖੁਦ ਬੈਠਾਂਗੇ ਤੇ ਨਾ ਹੀ ਸਰਕਾਰਾਂ ਨੂੰ ਬੈਠਣ ਦੇਵਾਂਗੇ।