
ਕਿਸਾਨ ਸੰਘਰਸ਼ ’ਚ 700 ਕਿਸਾਨਾਂ- ਮਜ਼ਦੂਰਾਂ ਦੇ ਬਲੀਦਾਨ ਲਈ ਬਰਾਬਰ ਜ਼ਿੰਮੇਵਾਰ ਹਨ ਭਾਜਪਾ, ਕਾਂਗਰਸ ਅਤੇ ਬਾਦਲ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਤਿਹਾਸਕ ਕਿਸਾਨ ਅੰਦੋਲਨ ਦੇ ਸੁਨਿਹਰੇ ਪੰਨਿਆਂ ਉਪਰ ਬਾਦਲ ਪਰਿਵਾਰ ਦੀ ਦੋਗਲੀ ਨੀਤੀ ਨੂੰ ਕਾਲ਼ੇ ਅੱਖਰਾਂ ’ਚ ਲਿਖਿਆ ਜਾਵੇਗਾ ਅਤੇ ਦੇਸ਼ ਦੇ ਲੋਕ ਖੇਤੀ ਬਾਰੇ ਕੇਂਦਰੀ ਕਾਲ਼ੇ ਕਾਨੂੰਨ ਬਣਾਉਣ ਲਈ ਤੱਤਕਾਲੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਨਿਭਾਈ ਗਈ ਮਾਰੂ ਭੂਮਿਕਾ ਨੂੰ ਕਦੇ ਨਹੀਂ ਭੁੱਲਣਗੇ।
Harpal Singh Cheema
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ, ਕਿਸਾਨ ਸੰਗਠਨਾਂ ਅਤੇ ਮਾਹਿਰਾਂ ਦੇ ਵਿਰੋਧ ਦੇ ਬਾਵਜੂਦ ਖੇਤੀ ਬਾਰੇ ਕਾਲ਼ੇ ਕਾਨੂੰਨ ਥੋਪੇ ਜਾਣ ਲਈ ਭਾਜਪਾ (ਮੋਦੀ) ਦੇ ਨਾਲ- ਨਾਲ ਬਾਦਲ, ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਪੂਰੀ ਪੰਜਾਬ ਕੈਬਨਿਟ (ਜਿਸ ’ਚ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹਨ) ਬਰਾਬਰ ਦੇ ਭਾਗੀਦਾਰ ਹਨ, ਜਿਨ੍ਹਾਂ ਨੇ ਕੁਰਸੀ ਖ਼ਾਤਰ ਆਪਣੀ ਬਣਦੀ ਜ਼ਿੰਮੇਵਾਰੀ ਹੀ ਨਹੀਂ ਨਿਭਾਈ, ਪ੍ਰੰਤੂ ਕਿਸਾਨੀ ਸੰਘਰਸ਼ ਦੀ ਚੜ੍ਹਤ, ਲੋਕਾਂ ਦੇ ਦਬਾਅ ਅਤੇ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਉਤੇ ਅੱਜ ਇਹ ਸਾਰੇ ਆਪਣੀਆਂ ਪਿੱਠਾਂ ਥੱਪ-ਥਪਾਉਣ ਲੱਗੇ ਹੋਏ ਹਨ।
CM Charanjit Singh Channi
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਕਾਲ਼ੇ ਖੇਤੀ ਕਾਨੂੰਨਾਂ ਦਾ ਉਦੋਂ ਤੋਂ ਵਿਰੋਧ ਕਰਦੀ ਆ ਰਹੀ ਹੈ, ਜਦੋਂ ਕੇਂਦਰ ਸਰਕਾਰ ਇਹਨਾਂ ਦਾ ਖਰੜਾ ਤਿਆਰ ਕਰਨ ਲੱਗੀ ਹੋਈ ਸੀ। ਇਸ ਦੇ ਉਲਟ ਹਰਸਿਮਰਤ ਕੌਰ ਬਾਦਲ ਨੇ ਮਾਰੂ ਖੇਤੀ ਕਾਨੂੰਨਾਂ ਬਾਰੇ ਆਰਡੀਨੈਂਸਾਂ ’ਤੇ ਦਸਤਖ਼ਤ ਕਰਕੇ ਅੰਨਦਾਤਾ ਦੀ ਮੌਤ ਦੇ ਵਾਰੰਟ ਜਾਰੀ ਕੀਤੇ ਅਤੇ ਫਿਰ ਪੂਰੇ ਟੱਬਰ ਨੇ ਤਿੰਨਾਂ ਕਾਲ਼ੇ ਕਾਨੂੰਨਾਂ ਦੇ ਪੱਖ ’ਚ ਮਹੀਨਿਆਂ ਬੱਧੀ ਪ੍ਰਚਾਰ ਕੀਤਾ ਤਾਂਕਿ ਮੋਦੀ ਮੰਤਰੀ ਮੰਡਲ ਵਿੱਚ ਕੁਰਸੀ ਬਚੀ ਰਹੇ।
Sukhbir Badal
ਅੰਤ ਜਦੋਂ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਅਤੇ ਅਕਾਲੀ ਦਲ ਬਾਦਲ ਦੇ ਸਾਰੇ ਛੋਟੇ- ਵੱਡੇ ਆਗੂਆਂ ਦੀ ਪਿੰਡਾਂ ਵਿੱਚ ‘ਐਂਟਰੀ ਬੈਨ’ ਦੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਖਿਸਕ ਚੁੱਕੀ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਹਰਸਿਮਰਤ ਕੌਰ ਬਾਦਲ ਨੂੰ ਕੁਰਸੀ ਛੱਡਣੀ ਪਈ।