
ਆਤਮਹੱਤਿਆ ਕਰਨ ਤੋਂ ਪਹਿਲਾਂ ਪਰਿਵਾਰ ਨੂੰ ਕੀਤੀ ਵੀਡੀਓ ਕਾਲ
ਪੁਲਿਸ ਨੇ ਕੀਤਾ ਮਾਮਲਾ ਦਰਜ, ਤਫ਼ਤੀਸ਼ ਜਾਰੀ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਇਕ 24ਸਾਲਾ ਨਾਈਜੇਰੀਅਨ ਵਿਦੇਸ਼ੀ ਵਿਦਿਆਰਥੀ ਦੇ ਵਲੋਂ ਬਾਬਾ ਬੁੱਢਾ ਸਾਹਿਬ ਭਵਨ ਵਿਖੇ ਸਥਿਤ ਵਿਦੇਸ਼ੀ ਵਿਦਿਆਰਥੀਆਂ ਦੇ ਹੋਸਟਲ ਵਿਖੇ 20ਨਵੰਬਰ ਦਿਨ ਸ਼ਨੀਵਾਰ ਦੀ ਦੇਰ ਸ਼ਾਮ ਪੱਖੇ ਨਾਲ ਫ਼ਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਅਲੈਕਸ 24 ਨਿਵਾਸੀ ਨਾਇਜੀਰੀਆ ਦੇ ਰੂਪ ਵਿਚ ਹੋਈ ਹੈ ਜੋ ਕਿ ਜੀਐਨਡੀਯੂ ਦੇ ਕੰਪਿਊਟਰ ਸਾਇੰਸ ਵਿਭਾਗ ਦਾ ਵਿਦਿਆਰਥੀ ਸੀ ਤੇ ਬੀਤੇ ਕਈ ਵਰ੍ਹਿਆਂ ਤੋਂ ਭਾਰਤ ਵਿਚ ਰਹਿ ਰਿਹਾ ਸੀ। ਅਲੈਕਸ ਨੇ ਇਹ ਕਦਮ ਕਦੋਂ ਅਤੇ ਕਿਉਂ ਚੁੱਕਿਆ ਇਨ੍ਹਾਂ ਕਾਰਨਾਂ ਦਾ ਪੁਲਿਸ ਪਤਾ ਲਗਾ ਰਹੀ ਹੈ ਜਦੋਂ ਕਿ ਘਟਨਾਕ੍ਰਮ ਵਾਲੇ ਦਿਨ 20ਨਵੰਬਰ ਦਿਨ ਸ਼ਨੀਵਾਰ ਨੂੰ ਇਸ ਬਾਬਤ ਜੀਐੱਨਡੀਯੂ ਪ੍ਰਬੰਧਨ ਦੇ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
Committed Suicide
ਸ਼ਾਮ 7-30ਵਜੇ ਦੇ ਕਰੀਬ ਪੁਲਿਸ ਥਾਣਾ ਕੰਟੋਨਮੈਂਟ ਦੇ ਅਧਿਕਾਰਤ ਖੇਤਰ ਵਾਲੀ ਪੁਲਿਸ ਚੌਕੀ ਮਾਹਲ ਦੇ ਇੰਚਾਰਜ ਬਲਬੀਰ ਸਿੰਘ ਭੰਗੂ ਤੇ ਹੋਰ ਆਲਾ ਪੁਲਿਸ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਤੇ ਮ੍ਰਿਤਕ ਅਲੈਕਸ ਦੀ ਲਾਸ਼ ਨੂੰ ਪੱਖੇ ਨਾਲੋਂ ਹੇਠਾਂ ਉਤਾਰ ਕੇ ਅਗਲੇਰੀ ਕਾਰਵਾਈ ਤੇ ਪੋਸਟਮਾਰਟਮ ਲਈ ਜਲ੍ਹਿਆਂਵਾਲਾ ਬਾਗ ਸ਼ਹੀਦੀ ਮੈਮੋਰੀਅਲ ਸਰਕਾਰੀ ਸਿਵਲ ਹਸਪਤਾਲ ਵਿਖੇ ਭੇਜ ਦਿਤਾ।
Suicide
ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਅਲੈਕਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕੀਤੀ। ਪਰ ਪੁਲਿਸ ਵਲੋਂ ਇਸ ਸਬੰਧੀ ਕੋਈ ਵੀ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ। ਪੁਲਿਸ ਥਾਣਾ ਕੰਟੋਨਮੈਂਟ ਦੇ ਅਧਿਕਾਰਤ ਖੇਤਰ ਵਿਚ ਆਉਂਦੀ ਪੁਲਿਸ ਚੌਕੀ ਮਾਹਲ ਵਲੋਂ ਆਈਪੀਸੀ ਦੀ ਧਾਰਾ 174 ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
Punjab Police
ਮਾਹਰਾਂ ਅਨੁਸਾਰ ਮ੍ਰਿਤਕ ਅਲੈਕਸ ਦੇ ਜੱਦੀ ਦੇਸ਼ ਦੇ ਨਵੀਂ ਦਿੱਲੀ ਸਥਿਤ ਸਫ਼ਾਰਤਖਾਨੇ ਅਤੇ ਭਾਰਤੀ ਦੂਤਾਵਾਸ ਦੇ ਆਪਸੀ ਵਿਚਾਰ ਵਟਾਂਦਰੇ ਅਤੇ ਦਸਤਾਵੇਜ਼ੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਹੀ ਉਸ ਦੀ ਮ੍ਰਿਤਕ ਦੇਹ ਉਸ ਦੇ ਵਤਨ ਵਾਪਸ ਜਾ ਸਕੇਗੀ।