
ਆਈਪੀਸੀ ਦੀ ਧਾਰਾ 419, 420, 406,427,465, 467, 468, 469, 471, 483, 489 ਅਤੇ 120 ਬੀ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ : ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਪੰਜਾਬ ਅਤੇ ਹੋਰ ਸੂਬਿਆਂ ਵਿਚ ਵਿਦਿਆਰਥੀ ਵੀਜ਼ਾ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਗਲੋਬਲ ਵੀਜ਼ਾ ਹੈਲਪਲਾਈਨ ਪ੍ਰਾਈਵੇਟ ਲਿਮਟਿਡ ਦੀ ਖੰਨਾ ਬ੍ਰਾਂਚ ਦੇ ਸਟਾਫ਼ ਦੇ ਦੋ ਮੈਂਬਰਾਂ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਕੰਪਨੀ ਨਾਲ ਕਰੀਬ 45 ਲੱਖ ਦੀ ਠੱਗੀ ਮਾਰੀ।
ਕੰਪਨੀ ਦੇ ਡਾਇਰੈਕਟਰ ਗੁਰਮਿੰਦਰ ਸਿੰਘ ਸ਼ੇਰਗਿੱਲ ਨੂੰ ਜਦੋਂ ਇਸ ਫਰਜੀਵਾੜੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਆਈਜੀਪੀ ਲੁਧਿਆਣਾ ਰੇਂਜ ਅਤੇ ਐੱਸਐੱਸਪੀ ਖੰਨਾ ਨੂੰ ਦਿੱਤੀ। ਮਾਮਲੇ ਦੀ ਜਾਂਚ ਤੋਂ ਬਾਅਦ ਆਈਜੀਪੀ ਲੁਧਿਆਣਾ ਨੇ ਕੰਪਨੀ ਮੈਨੇਜਰ ਸੁਖਵਿੰਦਰ ਸਿੰਘ ਅਤੇ ਮੁਕੇਸ਼ ਵਾਸੀ ਗਲੀ ਨੰਬਰ 6 ਕ੍ਰਿਸ਼ਨ ਨਗਰ ਅਮਲੋਹ ਰੋਡ ਖੰਨਾ ਦੇ ਵਿਰੁੱਧ ਆਈਪੀਸੀ ਦੀ ਧਾਰਾ 419, 420, 406,427,465, 467, 468, 469, 471, 483, 489 ਅਤੇ 120 ਬੀ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਇਹ ਧੋਖਾਧੜੀ ਦੋਸ਼ੀ ਵੱਲੋਂ ਉਸ ਸਮੇਂ ਕੀਤੀ ਗਈ ਸੀ ਜਦੋਂ ਉਹ ਗਲੋਬਲ ਵੀਜ਼ਾ ਹੈਲਪਲਾਈਨ ਦੀ ਸ਼ਾਖਾ ਵਿਚ ਮੈਨੇਜਰ ਵਜੋਂ ਕੰਮ ਕਰਦਾ ਸੀ। ਸ਼ਿਕਾਇਤਕਰਤਾ ਸ਼ੇਰਗਿੱਲ ਨੇ ਦੋਸ਼ ਲਗਾਇਆ ਹੈ ਕਿ ਸੁਖਵਿੰਦਰ ਨੇ ਅਪਣੇ ਭਰਾ ਨਾਲ ਮਿਲ ਕੇ ਕੰਪਨੀ ਵਿਚ ਆਉਣ ਵਾਲੇ ਵਿਦਿਆਰਥੀਆਂ ਨਾਲ ਕੰਪਨੀ ਦੇ ਨਾਂ 'ਤੇ ਧੋਖਾਧੜੀ ਕੀਤੀ। ਇਹਨਾਂ ਹੀ ਨਹੀਂ ਸਗੋਂ ਉਹਨਾਂ ਦੀ ਬ੍ਰਾਂਚ ਦੇ ਦਫ਼ਤਰ ਵਿਚ ਤੋੜਭੰਨ ਵੀ ਕੀਤੀ ਅਤੇ ਕੰਪਨੀ ਦਾ ਬੋਰਡ ਵੀ ਉਤਾਰ ਦਿੱਤਾ। ਡਾਇਰੈਕਟਰ ਵੱਲੋਂ ਲਗਾਏ ਦੋਸ਼ਾਂ ਵਿਚ ਵਿਦਿਆਰਥੀਆਂ ਦੀ ਫੀਸ ਦੇ ਨਾਲ ਦਫ਼ਤਰ ਦੇ ਸਮਾਨ ਦੀ ਤੋੜਭੰਨ, ਸਮਾਨ ਖੁਰਦ ਬੁਰਦ ਕਰਨ ਆਦਿ ਸ਼ਾਮਲ ਹਨ।
ਸ਼ੇਰਗਿੱਲ ਨੇ ਇਹ ਵੀ ਦੱਸਿਆ ਕਿ ਇਸ ਧੋਖਾਧੜੀ ਬਾਰੇ ਪਤਾ ਲੱਗਣ ਤੋਂ ਬਾਅਦ ਉਹਨਾਂ ਕੋਲ ਗਏ ਪਰ ਇਸ ਦੌਰਾਨ ਉਹਨਾਂ ਨੇ ਸ਼ੇਰਗਿੱਲ ਨਾਲ ਬਦਸਲੂਕੀ ਕੀਤੀ ਅਤੇ ਧਮਕੀਆਂ ਦਿੱਤੀਆਂ। ਡਾਇਰੈਕਟਰ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਵਿਚ ਆਉਣ ਵਾਲੇ ਵਿਦਿਆਰਥੀਆਂ ਨਾਲ ਹੋਈ ਇਸ ਧੋਖਾਧੜੀ ਦਾ ਪਤਾ ਲੱਗਣ ਮਗਰੋਂ ਸ਼ੇਰਗਿੱਲ ਨੇ ਇਹ ਭਰਪਾਈ ਅਪਣੀ ਜੇਬ ਵਿਚੋਂ ਕੀਤੀ ਪਰ ਦੋਹਾਂ ਭਰਾਵਾਂ ਨੇ ਪੈਸੇ ਵਾਪਸ ਕਰਨ ਦੀ ਬਜਾਏ ਉਹਨਾਂ ਦੇ ਦਫ਼ਤਰ 'ਤੇ ਕਬਜ਼ਾ ਕਰ ਲਿਆ।
ਇਸ ਮਾਮਲੇ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਤਹਿਤ ਮਾਮਲ ਦਰਜ ਕਰ ਲਿਆ ਗਿਆ ਹੈ। ਐੱਸਐੱਚਓ ਅਕਾਸ਼ ਦੱਤ ਨੇ ਦੱਸਿਆ ਕਿ ਕਥਿਤ ਦੋਹਾਂ ਦੋਸ਼ੀਆਂ ਦਾ ਦਫ਼ਤਰ ਬੰਦ ਹੈ ਤੇ ਨਾ ਹੀ ਉਹ ਅਪਣੇ ਘਰ ਵਿਚ ਮੌਜੂਦ ਹਨ। ਦੋਸ਼ੀਆਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।