
ਆਂਧਰਾ ਪ੍ਰਦੇਸ਼ ’ਚ ਮੀਂਹ ਨੇ ਮਚਾਈ ਤਬਾਹੀ, 17 ਮੌਤਾਂ, 100 ਤੋਂ ਵੱਧ ਲੋਕ ਲਾਪਤਾ
ਹੈਦਰਾਬਾਦ, 20 ਨਵੰਬਰ : ਆਂਧਰਾ ਪ੍ਰਦੇਸ਼ ’ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੀਂਹ ਕਾਰਨ ਹੁਣ ਤਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 100 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਇਥੋਂ ਦੀ ਹਾਲਤ ਖ਼ਰਾਬ ਹੈ। ਕਈ ਇਲਾਕਿਆਂ ’ਚ ਮਕਾਨ ਡਿੱਗਣ ਦੀਆਂ ਖ਼ਬਰਾਂ ਹਨ।
ਬੀਤੀ ਦੇਰ ਰਾਤ ਭਾਰੀ ਮੀਂਹ ਕਾਰਨ ਅਨੰਤਪੁਰ ਜ਼ਿਲ੍ਹੇ ਦੇ ਕਾਦਰੀ ਇਲਾਕੇ ਵਿਚ ਇਕ ਪੁਰਾਣੀ ਤਿੰਨ ਮੰਜ਼ਲਾ ਇਮਾਰਤ ਡਿੱਗਣ ਕਾਰਨ ਤਿੰਨ ਬੱਚਿਆਂ ਅਤੇ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਚਾਰ ਤੋਂ ਵੱਧ ਲੋਕ ਅਜੇ ਵੀ ਇਮਾਰਤ ਦੇ ਮਲਬੇ ਹੇਠਾਂ ਦੱਬੇ ਹੋਏ ਹਨ। ਰਾਹਤ ਕਾਰਜ ਜਾਰੀ ਹੈ।ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਤਿਰੂਪਤੀ ਦੇ ਟੈਂਪਲ ਟਾਊਨ ਦਾ ਹੈ ਜਿਸ ’ਚ ਵੇਖਿਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਹੜ੍ਹ ਕਾਰਨ ਫਸੇ ਹੋਏ ਹਨ। ਤਿਰੂਪਤੀ ਦੇ ਬਾਹਰਵਾਰ ਸਵਰਨਮੁਖੀ ਨਦੀ ’ਚ ਹੜ੍ਹ ਆ ਗਿਆ ਅਤੇ ਜਲ-ਘਰਾਂ ’ਚ ਹੜ੍ਹ ਆ ਗਏ। ਹੜ੍ਹ ’ਚ ਕਈ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਘਾਟ ਰੋਡ ਅਤੇ ਤਿਰੁਮਾਲਾ ਪਹਾੜੀਆਂ ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿਤੇ ਗਏ ਹਨ। ਸਥਿਤੀ ਨੂੰ ਸੰਭਾਲਣ ਲਈ ਰਾਸ਼ਟਰੀ ਅਤੇ ਰਾਜ ਆਫ਼ਤ ਰਾਹਤ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਬਚਾਅ ਕਾਰਜ ਪੂਰੇ ਜ਼ੋਰਾਂ ’ਤੇ ਹਨ। (ਏਜੰਸੀ)