
ਦੋਹਾਂ ਨਾਲ ਫ਼ੋਨ 'ਤੇ ਲਗਾਤਾਰ ਸੰਪਰਕ 'ਚ ਰਹਿੰਦਾ ਸੀ ਕਾਬੂ ਕੀਤਾ ਮੁਲਜ਼ਮ
ਫ਼ਰੀਦਕੋਟ: ਸਥਾਨਕ ਸੀ. ਆਈ. ਏ. ਸਟਾਫ਼ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਸਟਾਫ਼ ਵੱਲੋਂ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਬਹੁਤ ਹੀ ਕਰੀਬੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਮੁਖੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਗੁਰਚਰਨ ਸਿੰਘ ਉਰਫ ਰਿੰਕਾ ਵਾਸੀ ਫ਼ਰੀਦਕੋਟ, ਜਿਸ ’ਤੇ ਪਹਿਲਾਂ ਵੀ ਕਾਫ਼ੀ ਮੁਕੱਦਮੇ ਦਰਜ ਹਨ। ਇਸ ਨੂੰ ਪਹਿਲਾਂ ਵੀ ਪੁਲਿਸ ਨਾਲ ਹੋਈ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਗੁਰਚਰਨ ਸਿੰਘ ਜੇਲ੍ਹ ਤੋਂ ਬਾਹਰ ਸੀ ਅਤੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਫੋਨ ’ਤੇ ਸੰਪਰਕ ’ਚ ਰਹਿੰਦਾ ਸੀ।
ਇਹ ਉਨ੍ਹਾਂ ਨੂੰ ਟਾਰਗੈੱਟ ਸਿਲੈਕਟ ਕਰ ਕੇ ਜਾਣਕਾਰੀ ਦਿੰਦਾ ਸੀ, ਜਿਸ ਉਪਰੰਤ ਉਹ ਲੋਕਾਂ ਨੂੰ ਫੋਨ ’ਤੇ ਧਮਕੀਆਂ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਅੱਜ ਗੁਰਚਰਨ ਸਿੰਘ ਦਾ ਪੁਲਿਸ ਰਿਮਾਂਡ ਖਤਮ ਹੋਇਆ ਸੀ ਅਤੇ ਇਸ ਨੂੰ ਜੇਲ੍ਹ ਲਿਜਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਸਿਟੀ ਫ਼ਰੀਦਕੋਟ ਵਿਖੇ ਅਧੀਨ ਧਾਰਾ 307 ਤਹਿਤ ਦਰਜ ਮੁਕੱਦਮੇ ਅਤੇ ਧਮਕੀਆਂ ਦੇਣ ਸਬੰਧੀ ਸਾਦਿਕ ਵਿਖੇ ਦਰਜ ਕੀਤੇ ਗਏ ਕੇਸ ’ਚ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਹੀ ਗੁਰਚਰਨ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਕੋਲੋਂ ਕੋਈ ਵੀ ਬਰਾਮਦਗੀ ਨਹੀਂ ਹੋਈ ਹੈ।