
ਪੰਜਾਬ ਸਰਕਾਰ ਹੁਣ ਲਾਹਣ ਫੜਨ ਦੇ ਲਈ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮਦਦ ਲਵੇਗੀ
Punjab News (ਸੁਮਿਤ ਸਿੰਘ)- ਪੰਜਾਬ ਸਰਕਾਰ ਹੁਣ ਲਾਹਣ ਫੜਨ ਦੇ ਲਈ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮਦਦ ਲਵੇਗੀ ਜਿਹੜੇ ਕਿ ਲਾਹਣ ਲੱਭਣ ਦੇ ਲਈ ਮਹਾਰਤ ਹਾਸਲ ਕਰ ਚੁੱਕੇ ਹਨ ਅਤੇ ਇਸ ਲਈ ਬਕਾਇਦਾ ਤੌਰ 'ਤੇ ਵਿੱਤ ਮੰਤਰੀ ਨੇ ਲਾਈਵ ਡੈਮੋ ਤੱਕ ਦੇਖੇ, ਜਿਸ ਤੋਂ ਬਾਅਦ ਤਿੰਨ ਕੁੱਤਿਆਂ ਨੂੰ ਪੰਜਾਬ ਦੇ ਐਕਸਾਈਜ਼ ਵਿਭਾਗ ਵੱਲੋਂ ਚੁਣਿਆ ਗਿਆ ਹੈ। ਜਿਹੜੇ ਕਿ ਬੈਲਜੀਅਮ ਮਾਈਨੋ ਨਸਲ ਦੇ ਹਨ ਅਤੇ ਇਸ ਨਾਲ ਜਿੱਥੇ ਪੰਜਾਬ ਨੂੰ ਆਰਥਿਕ ਤੌਰ 'ਤੇ ਮੁਨਾਫ਼ਾ ਹੋਵੇਗਾ, ਨਾਲ ਹੀ ਲੋਕਾਂ ਦੀ ਜਾਨ ਸੁਰੱਖਿਅਤ ਕਰਨ ਵਿਚ ਵੀ ਅਸਰਦਾਰ ਹੋਵੇਗਾ।
ਪੰਜਾਬ ਦੇ ਐਕਸਾਈਜ਼ ਵਿਭਾਗ ਵੱਲੋਂ ਚੰਡੀਗੜ੍ਹ ਦੇ ਨਾਲ ਲੱਗਦੇ ਡੇਰਾਬੱਸੀ ਵਿਖੇ ਬਣੇ ਡੌਗ ਟ੍ਰੇਨਿੰਗ ਸੈਂਟਰ ਜਿਹੜਾ ਕਿ ਪੰਜਾਬ ਸਰਕਾਰ ਅਤੇ ਇੱਕ ਨਿੱਜੀ ਕੰਪਨੀ ਦੇ ਗਠਬੰਧਨ ਦੇ ਨਾਲ ਚਲਾਇਆ ਜਾਂਦਾ ਹੈ, ਤੋਂ ਤਿੰਨ ਮਾਹਿਰ ਕੁੱਤੇ ਐਕਸਾਈਜ਼ ਵਿਭਾਗ ਦੀ ਟੀਮ ਦੇ ਵਿਚ ਸ਼ਾਮਲ ਕੀਤੇ ਜਾ ਰਹੇ ਹਨ, ਜਿਹੜੇ ਕਿ ਪੰਜਾਬ ਦੇ ਤਿੰਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿਚ ਤੈਨਾਤ ਕੀਤੇ ਜਾਣਗੇ ਅਤੇ ਆਉਂਦੇ ਦਿਨਾਂ ਵਿਚ ਐਕਸਾਈਜ ਵਿਭਾਗ ਦੀ ਛਾਪੇਮਾਰੀ ਟੀਮਾਂ ਦੇ ਨਾਲ ਜਾਇਆ ਕਰਨਗੇ।
ਇਨਾਂ ਤਿੰਨ ਮਾਹਿਰ ਕੁੱਤਿਆਂ ਦੇ ਨਾਲ ਛੇ ਹੈਂਡਲਰ ਵੀ ਸ਼ਾਮਲ ਹੋਣਗੇ ਜਿੰਨਾ ਦੇ ਵੱਲੋਂ ਇਹਨਾਂ ਨੂੰ ਕਮਾਂਡ ਦੇ ਕੇ ਬੇਟ ਅਤੇ ਪੇਂਡੂ ਖੇਤਰਾਂ ਦੇ ਵਿਚ ਲਾਹਣ ਲੱਭਣ ਨੂੰ ਲੈ ਕੇ ਤਲਾਸ਼ੀ ਅਭਿਆਨ ਚਲਾਏ ਜਾਣਗੇ, ਜਿਸ ਨਾਲ ਕਿ ਭਾਵੇਂ ਲਾਹਣ ਨੂੰ ਮਿੱਟੀ ਦੇ ਵਿਚ ਲੁਕੋ ਕੇ ਰੱਖਿਆ ਹੋਵੇ ਜਾਂ ਫਿਰ ਕਿਸੇ ਵੀ ਗੁਪਤ ਜਗ੍ਹਾ 'ਤੇ ਰੱਖਿਆ ਹੋਇਆ ਹੋਵੇ, ਇਹ ਕੁੱਤਿਆਂ ਦੀ ਮਹਾਰਤ ਹੈ ਕਿ ਮਿੰਟਾਂ ਦੇ ਵਿਚ ਹੀ ਉਹ ਉਸ ਨੂੰ ਲੱਭ ਲੈਂਦੇ ਹਨ।
ਇਹ ਵਿਸ਼ੇਸ਼ ਤੌਰ 'ਤੇ ਬੈਲਜੀਅਮ ਮਾਈਨੋ ਨਸਲ ਦੇ ਕੁੱਤੇ ਹਨ ਜਿਨਾਂ ਨੂੰ ਲਾਹਨ ਲੱਭਣ ਦੇ ਲਈ ਛੇ ਮਹੀਨੇਆਂ ਦੀ ਟ੍ਰੇਨਿੰਗ ਦਿੱਤੀ ਗਈ ਹੈ ਜਿਸ ਨੂੰ ਦੇਖਣ ਦੇ ਲਈ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਵਿੱਤ ਅਤੇ ਐਕਸਾਈਜ਼ ਮੰਤਰੀ ਹਰਪਾਲ ਚੀਮਾ ਆਪਣੀ ਟੀਮ ਦੇ ਨਾਲ ਫਾਰਮ 'ਤੇ ਪਹੁੰਚੇ ਅਤੇ ਲਾਈਵ ਡੈਮੋ ਵੀ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਕੁੱਤੇ ਲਾਹਣ ਲੱਭਣ ਦੇ ਲਈ ਮਹਾਰਤ ਹਾਸਲ ਕਰ ਚੁੱਕੇ ਹਨ।
ਟਰੇਨਿੰਗ ਕੈਂਪ ਵਿਚ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹਨਾਂ ਕੁੱਤਿਆਂ ਨੂੰ ਐਕਸਾਈਜ਼ ਵਿਭਾਗ ਦੇ ਵਿਚ ਸਹਾਇਕ ਦੇ ਤੌਰ 'ਤੇ ਇਕੱਲੇ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਵਿਚ ਪਹਿਲੀ ਵਾਰੀ ਤੈਨਾਤ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਜਿੱਥੇ ਇੱਕ ਪਾਸੇ ਕੱਚੀ ਸ਼ਰਾਬ ਜਾਂ ਲਾਹਣ ਫੜਨ ਨੂੰ ਲੈ ਕੇ ਮਦਦ ਮਿਲੇਗੀ ਤਾਂ ਦੂਜੇ ਪਾਸੇ ਇਸ ਨਜਾਇਜ਼ ਕਾਰੋਬਾਰ ਨੂੰ ਰੋਕਣ ਦੇ ਵਿਚ ਮਦਦ ਦੇ ਨਾਲ ਪੰਜਾਬ ਨੂੰ ਵਿੱਤ ਤੌਰ 'ਤੇ ਵੀ ਚੰਗਾ ਮੁਨਾਫ਼ਾ ਹੋਵੇਗਾ
ਅਤੇ ਉਸ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਇਸ ਨਕਲੀ ਸ਼ਰਾਬ ਦੇ ਨਾਲ ਜਾਣ ਤੋਂ ਬਚੇਗੀ ਜਿਹੜੇ ਕਿ ਲੰਘੇ ਸਮਿਆਂ ਦੌਰਾਨ ਅਸੀਂ ਘਾਤਕ ਮੌਤਾਂ ਦੇਖ ਚੁੱਕੇ ਹਾਂ। ਵਿੱਤ ਮੰਤਰੀ ਨੇ ਗੱਲ ਕਰਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਿਹੜਾ ਵਿੱਤ ਫਾਇਦਾ ਐਕਸਾਈਜ਼ ਵਿਭਾਗ ਨੂੰ 6200 ਕਰੋੜ ਦੇ ਲਗਭਗ ਸੀ ਹੁਣ ਉਹ ਵੱਧ ਕੇ 10 ਹਜ਼ਾਰ ਕਰੋੜ ਤੱਕ ਪਹੁੰਚ ਚੁੱਕਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਆਉਂਦੇ ਸਮੇਂ ਦੇ ਦੌਰਾਨ ਜੋ ਕੋਸ਼ਿਸ਼ਾਂ ਅਤੇ ਸ਼ਰਾਬ ਤਸਕਰੀ ਨੂੰ ਰੋਕ ਰਹੇ ਹਾਂ ਉਸ ਤੋਂ ਹੋਰ ਵੀ ਜ਼ਿਆਦਾ ਮਾਲੀਆ ਵਧਣ ਦੀ ਉਮੀਦ ਹੈ।
(For more news apart from Punjab News, stay tuned to Rozana Spokesman)