ਮਹਿਲਾ ਮੋਰਚਾ ਵੱਲੋਂ ਚੰਡੀਗੜ੍ਹ ਵਿਚ ਵੱਡਾ ਰੋਸ਼ ਮਾਰਚ ਕੱਢਿਆ ਜਾਵੇਗਾ।
ਚੰਡੀਗੜ੍ਹ: ਭਾਜਪਾ ਨੇ ਕੇਜਰੀਵਾਲ ਨੂੰ ਵਾਅਦੇ ਦੀ ਯਾਦ ਦਿਵਾਉਂਦੇ ਹੋਏ ਤਿੱਖਾ ਹਮਲਾ ਕੀਤਾ ਹੈ। ਪੰਜਾਬ ਭਾਜਪਾ ਦੇ ਕਾਰਜ਼ਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 22 ਨਵੰਬਰ 2021 ਨੂੰ ਪੰਜਾਬ ਦੇ ਮੋਗਾ ਵਿੱਖੇ ਇਕ ਰੈਲੀ ਦੌਰਾਨ ਸੂਬੇ ਦੀਆਂ ਮਹਿਲਾਵਾਂ ਨੂੰ ਮਹੀਨਾਵਾਰ 1000 ਰੁਪਏ ਦੇਣ ਸੰਬੰਧੀ ਕੀਤੀ ਗਈ ਗਾਰੰਟੀ ਨੂੰ ਹੁਣ 4 ਸਾਲ ਪੂਰੇ ਹੋ ਰਹੇ ਹਨ, ਪਰ ਅੱਜ ਤੱਕ ਪੰਜਾਬ ਦੀਆਂ ਮਹਿਲਾਵਾਂ ਨੂੰ ਇਸ ਵਾਅਦੇ ਦੀ ਇਕ ਵੀ ਕਿਸ਼ਤ ਨਹੀਂ ਮਿਲੀ। ਅਸ਼ਵਨੀ ਸ਼ਰਮਾ ਨੇ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਕਿ ਮਹਿਲਾ ਮੋਰਚਾ ਵੱਲੋਂ ਚੰਡੀਗੜ੍ਹ ਵਿਚ ਵੱਡਾ ਰੋਸ਼ ਮਾਰਚ ਕੱਢਿਆ ਜਾਵੇਗਾ।
ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਬੀਬਾ ਜੈ ਇੰਦਰ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਜ਼ਰੀਵਾਲ ਵਲੋਂ ਐਲਾਨੀ ਇਸ ਗਾਰੰਟੀ ਦੇ ਮੁੱਦੇ ‘ਤੇ ਕੱਲ੍ਹ 22 ਨਵੰਬਰ ਨੂੰ ਪੰਜਾਬ ਭਾਜਪਾ ਮਹਿਲਾ ਮੋਰਚਾ ਵੱਲੋਂ ਚੰਡੀਗੜ੍ਹ ਸਥਿਤ ਕੇਜ਼ਰੀਵਾਲ ਦੇ ਸੀਸ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਸੂਬੇ ਭਰ ਦੀਆਂ ਸੈਂਕੜਿਆਂ ਮਹਿਲਾਵਾਂ, ਅਹੁਦੇਦਾਰ ਅਤੇ ਵਰਕਰਾਂ ਸਮੇਤ ਸਵੇਰੇ 11 ਵਜੇ ਸੈਕਟਰ–37 ਸਥਿਤ ਭਾਜਪਾ ਦਫ਼ਤਰ ਤੋਂ ਕੇਜਰੀਵਾਲ ਦੇ ਚੰਡੀਗੜ੍ਹ ਵਾਲੇ ‘ਸ਼ੀਸ਼ ਮਹਿਲ’ ਵੱਲ ਕੂਚ ਕਰਨਗੀਆਂ।
ਬੀਬਾ ਜੈ ਇੰਦਰ ਕੌਰ ਨੇ ਸਵਾਲ ਕੀਤਾ ਕਿ ਪੰਜਾਬ ਦੇ ਸੁਪਰ ਸੀਐਮ ਕੇਜਰੀਵਾਲ ਤੋਂ 45 ਮਹੀਨਿਆਂ ਦੇ ਦੌਰਾਨ ਮਹਿਲਾਵਾਂ ਦੇ ਖਾਤਿਆਂ ਵਿੱਚ ਇੱਕ ਵੀ ਰੁਪਈਆ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮਹਿਲਾਵਾਂ ਕੇਜਰੀਵਾਲ ਤੋਂ ਤੀਜੀ ਗਾਰੰਟੀ ਦਾ ਹਿਸਾਬ ਲੈ ਕੇ ਰਹਿਣਗੀਆਂ ਅਤੇ ਇਹ ਜਵਾਬ ਲਿਆ ਜਾਵੇਗਾ ਕਿ 3 ਕਰੋੜ ਪੰਜਾਬੀਆਂ ਨੂੰ ਹਰ ਮਹੀਨੇ ਦਾ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਿੱਥੇ ਦੱਬ ਕੇ ਬੈਠ ਗਿਆ ਹੈ।
ਬੀਬਾ ਜੈ ਇੰਦਰ ਕੌਰ ਨੇ ਸਪਸ਼ਟ ਕੀਤਾ ਹੈ ਕਿ ਇਹ ਰੋਸ਼ ਮਾਰਚ ਸਿਰਫ਼ ਪ੍ਰਤੀਕਾਤਮਕ ਨਹੀਂ, ਸਗੋਂ ਕੇਜਰੀਵਾਲ ਦੀਆਂ ‘ਝੂਠੀਆਂ ਗਾਰੰਟੀਆਂ’ ਦੇ ਖ਼ਿਲਾਫ਼ ਵੱਡੀ ਮੁਹਿੰਮ ਦੀ ਸ਼ੁਰੂਆਤ ਹੈ। ਲੋਕਾਂ ਨੇ ਜੋ ਵਿਸ਼ਵਾਸ ਕੇਜਰੀਵਾਲ ਉੱਪਰ ਕੀਤਾ ਸੀ, ਉਹਨਾਂ ਨੇ ਉਸ ਵਿਸ਼ਵਾਸ ਨੂੰ ਤੋੜ ਦਿੱਤਾ ਹੈ ਅਤੇ ਹੁਣ ਲੋਕ ਹਿਸਾਬ ਮੰਗਣ ਲਈ ਤਿਆਰ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਲਖਾਂ ਮਹਿਲਾਵਾਂ ਨੇ ਗਾਰੰਟੀ ਕਾਰਡ ਭਰਿਆ ਸੀ, ਰੈਲੀਆਂ ਵਿੱਚ ਸ਼ਮੂਲੀਅਤ ਕੀਤੀ ਸੀ, ਪਰ ਅੱਜ ਚਾਰ ਸਾਲ ਬਾਅਦ ਵੀ ਮਹਿਲਾਵਾਂ ਨੂੰ ਉਹ ਪੈਸਾ ਨਹੀਂ ਮਿਲਿਆ, ਜਿਸ ਦਾ ਵਾਅਦਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਕੀਤਾ ਸੀ।
