
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਹੁਣੇ ਹੋ ਕੇ ਹਟੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ........
ਗੁਰਦਾਸਪੁਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਹੁਣੇ ਹੋ ਕੇ ਹਟੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਵਿਚ ਅਹਿਮ ਰੋਲ ਨਿਭਾਇਆ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਤਿੰਨਾਂ ਰਾਜਾਂ ਦੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਵਿਧਾਨ ਸਭਾਵਾਂ ਦੇ 64 ਹਲਕਿਆਂ ਅੰਦਰ ਧੂੰਆਂਧਾਰ ਪ੍ਰਚਾਰ ਕਰ ਕੇ ਹਵਾ ਦਾ ਰੁਖ਼ ਕਾਂਗਰਸ ਦੇ ਹੱਕ ਵਿਚ ਕਰ ਦਿਤਾ।
ਸਿੱਧੂ ਨੇ ਸੱਭ ਤੋਂ ਜ਼ਿਆਦਾ ਮੱਧ ਪ੍ਰਦੇਸ਼ ਦੇ 30 ਹਲਕਿਆਂ ਅੰਦਰ ਭਖਵੀਆਂ ਰੈਲੀਆਂ ਕੀਤੀਆਂ ਅਤੇ ਇਨ੍ਹਾਂ ਵਿਚੋਂ 25 ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਰਾਜਸਥਾਨ ਦੇ 19 ਹਲਕਿਆਂ ਵਿਚ ਨਵਜੋਤ ਸਿੱਧੂ ਨੇ ਚੋਣ ਰੈਲੀਆਂ ਕੀਤੀਆਂ ਅਤੇ ਇਨ੍ਹਾਂ ਵਿਚੋਂ 10 ਕਾਂਗਰਸੀ ਉਮੀਦਵਾਰ ਜੇਤੂ ਰਹੇ। ਹੈਰਾਨ ਕਰਨ ਵਾਲੀ ਗੱਲ ਹੈ ਕਿ ਛੱਤੀਸਗੜ੍ਹ ਦੇ ਜਿਹੜੇ 15 ਹਲਕਿਆਂ 'ਚ ਸਿੱਧੂ ਨੇ ਪ੍ਰਚਾਰ ਕੀਤਾ, ਉਨ੍ਹਾਂ ਸਾਰਿਆਂ ਵਿਚ ਕਾਂਗਰਸੀ ਉਮੀਦਵਾਰ ਬਾਜ਼ੀ ਮਾਰ ਗਏ।
ਜੇਤੂ ਰਹੇ ਸਾਰੇ ਸੂਬਿਆਂ ਦੇ ਵਿਧਾਇਕ ਸਿੱਧੂ ਦੇ ਗਿਆਨ, ਸ਼ੈਲੀ ਅਤੇ ਵਿਲੱਖਣ ਅੰਦਾਜ਼ ਦੀਆਂ ਸਿਫ਼ਤਾਂ ਕਰਨੋਂ ਨਹੀਂ ਹਟਦੇ। ਦਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਤੋਂ ਹਥਿਆਏ ਉਕਤ ਰਾਜਾਂ ਦੀਆਂ 65 ਸੀਟਾਂ 'ਚੋਂ 60 ਸੀਟਾਂ ਤੋਂ ਭਾਜਪਾ ਦੇ ਆਗੂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਨਰਿੰਦਰ ਮੋਦੀ ਨੇ ਰਾਜਸਥਾਨ ਦੇ 18 ਹਲਕਿਆਂ 'ਚ ਰੈਲੀਆਂ ਤੇ ਰੋਡ ਸ਼ੋਅ ਕੀਤੇ ਸਨ ਪਰ ਸੀਟਾਂ ਪੱਲੇ ਸਿਰਫ਼ 6 ਪਈਆਂ ਹਨ।