
ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਕਰੀਬ ਪੌਣੇ ਤਿੰਨ ਲੱਖ ਜਾਅਲੀ ਤੇ ਮ੍ਰਿਤਕ ਪੈਨਸ਼ਨਰ ਰਗੜਾ ਲਾ ਗਏ.......
ਚੰਡੀਗੜ੍ਹ : ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਕਰੀਬ ਪੌਣੇ ਤਿੰਨ ਲੱਖ ਜਾਅਲੀ ਤੇ ਮ੍ਰਿਤਕ ਪੈਨਸ਼ਨਰ ਰਗੜਾ ਲਾ ਗਏ। ਇਨ੍ਹਾਂ ਵਿਚੋਂ 72,928 ਪੈਨਸ਼ਨਰ ਮ੍ਰਿਤਕ ਹਨ। ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮ੍ਰਿਤਕ ਲੰਮੇ ਸਮੇਂ ਤੋਂ ਪੈਨਸ਼ਨ ਲੈਂਦੇ ਰਹੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਹਲਕੇ ਵਿਚ 13516 ਪੈਨਸ਼ਨਰ ਅਯੋਗ ਨਿਕਲੇ ਹਨ। ਇਹ ਪ੍ਰਗਟਾਵਾ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੁਆਰਾ ਸਰਕਾਰ ਨੂੰ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਹੋਇਆ ਹੈ।
ਸਮਾਜਕ ਸੁਰੱਖਿਆ ਮੰਤਰੀ ਅਰੁਨਾ ਚੌਧਰੀ ਨੇ ਜੋ ਜਾਣਕਾਰੀ ਦਿਤੀ, ਉਸ ਮੁਤਾਬਕ ਅਪ੍ਰੈਲ 2017 ਤੋਂ ਗ਼ਲਤ ਪਤੇ, ਗ਼ੈਰ-ਹਾਜ਼ਰ, ਮ੍ਰਿਤਕ ਤੇ ਅਯੋਗ ਪਾਏ ਗਏ ਪੈਨਸ਼ਨ ਲਾਭਪਾਤਰੀਆਂ ਦੀ ਪੈਨਸ਼ਨ ਬੰਦ ਕਰ ਦਿਤੀ ਗਈ ਹੈ। ਸਵਾਲ ਹੈ ਕਿ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲਿਆਂ ਵਿਰੁਧ ਕੀ ਕਾਰਵਾਈ ਹੋਵੇਗੀ? ਵਿਧਾਇਕ ਅਮਨ ਅਰੋੜਾ ਨੇ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਮੰਤਰੀ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਮ੍ਰਿਤਕ ਲਾਭਪਾਤਰੀ 72928, ਗ਼ਲਤ ਪਤੇ ਕਾਰਨ 96525, ਗ਼ੈਰ ਹਾਜ਼ਰ ਹੋਣ ਕਾਰਨ 99953 ਅਤੇ ਵੈਰੀਫ਼ੀਕੇਸ਼ਨ ਮਗਰੋਂ ਅਯੋਗ ਲਾਭਪਾਤਰੀ 93521 ਸਨ।
ਇਨ੍ਹਾਂ ਵਿਚੋਂ 75784 ਲਾਭਪਾਤਰੀਆਂ ਦੀ ਮੁੜ ਵੈਰੀਫ਼ੀਕੇਸ਼ਨ ਹੋਣ ਤੋਂ ਬਾਅਦ ਪੈਨਸ਼ਨ ਚਾਲੂ ਕਰ ਦਿਤੀ ਗਈ ਹੈ। ਇਸ ਤਰ੍ਹਾਂ 2,87,143 ਵਿਅਕਤੀ ਸਰਕਾਰ ਤੋਂ ਗ਼ਲਤ ਢੰਗ ਨਾਲ ਪੈਨਸ਼ਨ ਲੈਂਦੇ ਰਹੇ ਹਨ। ਸਰਕਾਰ ਵਲੋਂ ਸਮਾਜਕ ਸੁਰੱਖਿਆ ਸਕੀਮ ਤਹਿਤ ਬੁਢਾਪਾ, ਵਿਧਵਾ, ਅੰਗਹੀਣ, ਦੂਜਿਆਂ 'ਤੇ ਨਿਰਭਰ ਬੱਚਿਆਂ ਨੂੰ ਪ੍ਰਤੀ ਮਹੀਨਾ ਪੈਨਸ਼ਨ ਦਿਤੀ ਜਾਂਦੀ ਹੈ। ਪਹਿਲਾਂ 250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿਤੀ ਜਾਂਦੀ ਸੀ ਪਰ ਕੈਪਟਨ ਸਰਕਾਰ ਨੇ ਵਾਧਾ ਕਰ ਕੇ 750 ਰੁਪਏ ਪ੍ਰਤੀ ਮਹੀਨਾ ਕਰ ਦਿਤੀ ਹੈ।
ਮ੍ਰਿਤਕ ਲਾਭਪਾਤਰੀ ਅੰਕੜਿਆਂ ਅਨੁਸਾਰ : ਅੰਮ੍ਰਿਤਸਰ ਵਿਚ 5897, ਬਰਨਾਲਾ ਵਿਚ 1208, ਬਠਿੰਡਾ 2876, ਫ਼ਤਿਹਗੜ੍ਹ ਸਾਹਿਬ 823, ਫ਼ਰੀਦਕੋਟ 1182, ਫ਼ਿਰੋਜ਼ਪੁਰ 6478, ਫਾਜੀਲਿਕਾ 2179, ਗੁਰਦਾਸਪੁਰ 6396, ਪਠਾਨਕੋਟ 1477, ਹੁਸ਼ਿਆਰਪੁਰ 3733, ਜਲੰਧਰ 7429, ਕਪੂਰਥਲਾ 1767, ਲੁਧਿਆਣਾ ਵਿਚ 3714, ਸ੍ਰੀ ਮੁਕਤਸਰ ਸਾਹਿਬ 2806, ਮੋਗਾ 1474, ਮਾਨਸਾ 720, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 2795, ਪਟਿਆਲਾ 5730, ਰੂਪਨਗਰ 1159, ਮੋਹਾਲੀ 1666, ਸੰਗਰੂਰ ਵਿਚ 7726 ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿਚ 3693 ਮ੍ਰਿਤਕ ਪੈਨਸ਼ਨਰ ਸਰਕਾਰ ਨੂੰ ਚੂਨਾ ਲਾ ਰਹੇ ਸਨ।