ਦਿਲ ਦੇ ਬਾਦਸ਼ਾਹ ਸਨ, ਸ਼ੰਗਾਰਾ ਸਿੰਘ ਭੁੱਲਰ
ਐਸ.ਏ.ਐਸ ਨਗਰ (ਸੁਖਦੀਪ ਸਿੰਘ ਸੋਈਂ) : ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨਮਿਤ ਭੋਗ ਅਤੇ ਅੰਤਮ ਅਰਦਾਸ 21 ਦਸੰਬਰ ਨੂੰ ਹੋਵੇਗੀ। ਉਨ੍ਹਾਂ ਦੇ ਪੁੱਤਰ ਚੇਤਨ ਪਾਲ ਸਿੰਘ ਨੇ ਦਸਿਆ ਕਿ ਵਿਛੜੀ ਰੂਹ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਮ ਅਰਦਾਸ 21 ਦਸੰਬਰ ਦਿਨ ਸਨਿਚਰਵਾਰ ਨੂੰ ਦੁਪਹਿਰ 12:00 ਤੋਂ 1:30 ਵਜੇ ਤਕ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ (ਨੇੜੇ ਆਰਮੀ ਇੰਸਟੀਚਿਊਟ ਆਫ਼ ਲਾਅ) ਸੈਕਟਰ-69, ਮੋਹਾਲੀ ਵਿਖੇ ਹੋਵੇਗੀ।
ਪੰਜਾਬੀ ਅਖ਼ਬਾਰਾਂ ਰੋਜ਼ਾਨਾ ਸਪੋਕਸਮੈਨ, ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ ਤੇ ਦੇਸ਼ ਵਿਦੇਸ਼ ਟਾਈਮਜ਼ ਦੇ ਲੰਮਾ ਸਮਾਂ ਸੰਪਾਦਕ ਰਹੇ ਸ. ਭੁੱਲਰ (74 ਸਾਲ) 11 ਦਸੰਬਰ ਨੂੰ ਸੰਖੇਪ ਬੀਮਾਰੀ ਪਿੱਛੋਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਪੰਜਾਬੀ ਪੱਤਰਕਾਰੀ ਦੇ ਇਤਿਹਾਸ 'ਚ ਸ਼ੰਗਾਰਾ ਸਿੰਘ ਭੁੰਲਰ ਦਾ ਨਾਂ ਕਿਸੇ ਜਾਣਪਛਾਣ ਦਾ ਮੁਥਾਜ ਨਹੀ ਹੈ। ਉਨਾਂ ਦੀਆਂ ਲਿਖਤਾਂ 'ਚ ਪੂਰਾ ਦਮਖ਼ਮ ਅਤੇ ਪਾਠਕ 'ਤੇ ਚੰਗਾ ਪ੍ਰਭਾਵ ਛੱਡਣ ਵਾਲਾ ਸੀ। ਜੋ ਪੜ੍ਹਦਾ ਉਹ ਕਾਇਲ ਹੋ ਜਾਂਦਾ। ਉਹ ਚਲੰਤ ਮਾਮਲਿਆਂ 'ਤੇ ਲਿਖਣ ਦੇ ਮਾਹਰ ਸਨ।
ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਉਨ੍ਹਾਂ ਦੇ ਪਰਵਾਰ, ਯਾਰਾਂ ਦੋਸਤਾਂ, ਪਾਠਕਾਂ ਤੇ ਉਨ੍ਹਾਂ ਦੇ ਜਾਣਕਾਰਾਂ ਨੂੰ ਚੋਖਾ ਝਟਕਾ ਲੱਗਾ ਹੈ। ਮੈਂ ਵੀ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਰੋਜ਼ਾਨਾ ਸਪੋਕਸਮੈਨ ਵਿਚ ਹੀ ਪੜੀ। ਖ਼ਬਰ ਪੜ ਕੇ ਮਨ ਉਦਾਸ ਜਿਹਾ ਹੋ ਗਿਆ ਕਿਉਂਕਿ ਸ਼ੰਗਾਰਾ ਸਿੰਘ ਭੁੱਲਰ ਦੀਆਂ ਲਿਖਤਾਂ ਬੇਸ਼ਕ ਮੈਂ ਉਸ ਸਮੇਂ ਤੋਂ ਪੜ੍ਹਦਾ ਆ ਰਿਹਾ ਹਾਂ ਜਦੋਂ ਉਹ ਪੰਜਾਬੀ ਟ੍ਰਿਬਿਊਨ 'ਚ ਬਤੌਰ ਸੰਪਾਦਕ ਕੰਮ ਕਰਦੇ ਸਨ। ਪਰ ਉਨ੍ਹਾਂ ਨੂੰ ਰੂ-ਬ-ਰੂ ਮਿਲਣ ਦਾ ਪਹਿਲੀ ਵਾਰ ਉਸ ਵਕਤ ਮੌਕਾ ਮਿਲਿਆ ਜਦੋਂ ਉਹ ਪੰਜਾਬੀ ਜਾਗਰਣ ਦੇ ਸੰਪਾਦਕ ਸਨ।
ਮੈਂ ਅਤੇ ਸਰਦਾਰ ਸਾਧੂ ਸਿੰਘ ਧਰਮਸੋਤ (ਕੈਬਨਿਟ ਮੰਤਰੀ ਪੰਜਾਬ) ਅੱਜ ਤੋਂ ਪੰਜ ਕੁ ਵਰ੍ਹੇ ਪਹਿਲਾਂ ਕਵਰੇਜ਼ ਕਰਵਾਉਣ ਦੇ ਚੱਕਰ 'ਚ ਉਨ੍ਹਾਂ ਨੂੰ ਜਲੰਧਰ ਜਾਗਰਣ ਦੇ ਦਫ਼ਤਰ ਮਿਲਣ ਗਏ ਸਾਂ। ਉਨ੍ਹਾਂ ਦੇ ਸਰਦਾਰ ਸਾਧੂ ਸਿੰਘ ਨਾਲ ਚੰਗੇ ਤਾਲੁਅਕਾਤ ਸਨ। ਪਹਿਲੀ ਸੱਟੇ ਮਿਲਣ 'ਤੇ ਰੂਹ ਖ਼ੁਸ਼ ਹੋ ਗਈ। ਉਨ੍ਹਾਂ ਗਲਬਾਤ ਦੌਰਾਨ ਸਿਆਸਤ ਦਾ ਹਾਲ ਚਾਲ ਪੁੱਛਿਆ ਤੇ ਕਾਂਗਰਸ ਦੀ ਭਵਿੱਖੀ ਰਣਨੀਤੀ ਬਾਰੇ ਖੁਲ੍ਹ ਕੇ ਚਰਚਾ ਕੀਤੀ। ਇਸ ਤੋਂ ਬਾਦ ਸਾਡੇ ਸਾਰਿਆਂ ਦਾ ਘਰ ਦਾ ਹਾਲ ਚਾਲ ਵੀ ਜਾਣਿਆ। ਸੁਭਾਅ 'ਚ ਅਪਣਾਪਨ ਉਨ੍ਹਾਂ ਦੀ ਸ਼ਖਸ਼ੀਅਤ ਦਾ ਵੱਡਾ ਪੱਖ ਸੀ। ਚਾਹ ਪਾਣੀ ਪਿਆਉਣ ਤੇ ਆਉ ਭਗਤ ਕਰਨ ਉਪਰੰਤ ਉਨ੍ਹਾਂ ਸਾਡੀ ਅਪਣੇ ਦਫ਼ਤਰ ਦੇ ਸਾਰੇ ਸਟਾਫ਼ ਮੈਬਰਾਂ ਨਾਲ ਜਾਣ ਪਛਾਣ ਕਰਵਾਈ।
ਗੱਲਬਾਤ ਕਰਨ ਪਿਛੋ ਸਾਨੂੰ ਦਫ਼ਤਰ ਥੱਲੇ ਤਕ ਛੱਡ ਕੇ ਵੀ ਗਏ। ਕਵਰੇਜ ਲਈ ਬਕਾਇਦਾ ਅਪਣੀ ਮੇਲ ਆਈ ਡੀ ਦਿਤੀ ਤੇ ਪਿੱਛੋ ਕਵਰੇਜ ਕਰਦੇ ਵੀ ਰਹੇ। ਉਸ ਤੋਂ ਦੋ ਕੁ ਸਾਲ ਮਗਰੋਂ ਮੇਰੀ ਉਨ੍ਹਾਂ ਨਾਲ ਦੂਜੀ ਮੁਲਾਕਾਤ ਰੋਜ਼ਾਨਾ ਸਪੋਕਸਮੈਨ ਦੇ ਦਫ਼ਤਰ ਵਿਚ ਹੋਈ। ਜਿਥੇ ਮੈਂ ਅਪਣੀ ਦੁਬਾਰਾ ਜਾਣ ਪਛਾਣ ਕਰਵਾਈ ਤੇ ਦਸਿਆ ਕਿ ਮੈ ਅਜੀਤ ਖੰਨਾ। ਤੁਹਾਨੂੰ ਪਹਿਲਾਂ ਜਾਗਰਣ ਦਫ਼ਤਰ ਮਿਲੇ ਸਾਂ।
ਇਸ ਪਿਛੋਂ ਦਸਿਆ ਕਿ ਮੈਂ ਕੁਝ ਸਮਾਂ ਪਹਿਲਾਂ ਸਪੋਕਸਮੈਨ ਲਈ ਕੰਮ ਕਰ ਚੁੱਕਿਆ ਹਾਂ ਪਰ ਅੱਜ ਕੱਲ ਬਤੌਰ ਅਧਿਆਪਕ ਸੇਵਾਵਾਂ ਨਿਭਾਆ ਰਿਹਾ ਹਾਂ, ਕਹਿਣ ਲੱਗੇ, ਅਜੀਤ ਤੁਸੀ! ਦੁਬਾਰਾ ਸਪੋਕਸਮੈਨ ਨਾਲ ਜੁੜੋ ਤੇ ਲਿਖਣਾ ਸ਼ੁਰੂ ਕਰੋ। ਮੈਂ ਕਿਹਾ ਸੋਚਦਾਂ ਹਾਂ! ਮੈਨੂੰ ਸਮਾਂ ਦੇਵੋ। ਉਸ ਪਿਛੋਂ ਮੈਂ ਮੈਡਮ ਜਗਜੀਤ ਕੌਰ ਜੀ ਨੂੰ ਮਿਲਣ ਉਨ੍ਹਾਂ ਕੋਲ ਜਾ ਬੈਠਾ। ਹਾਲੇ ਸਾਡੀ ਗੱਲਬਾਤ ਦਾ ਸਿਲਸਲਾ ਸ਼ੁਰੂ ਹੀ ਹੋਇਆ ਸੀ ਕਿ ਭੁੱਲਰ ਸਾਹਿਬ ਆ ਗਏ ਤੇ ਮੈਡਮ ਨੂੰ ਕਹਿਣ ਲੱਗੇ ਕਿ ਅਜੀਤ ਨੂੰ ਖੰਨੇ ਤੋਂ ਪੱਤਰਕਾਰੀ ਸ਼ੁਰੂ ਕਵਾਉ ਜੀ। ਮੈਂ ਫਿਰ ਸੋਚ ਕੇ ਦੱਸਣ ਦੀ ਗੱਲ ਆਖ ਅਪਣਾ ਪੱਖ ਰਖਿਆ।
ਸ਼ੰਗਾਰਾ ਸਿੰਘ ਭੁੱਲਰ ਨਾਲ ਮੇਰੀ ਤੀਜੀ ਮੁਲਾਕਾਤ ਫਿਰ ਸਪੋਕਸਮੈਨ ਦੇ ਦਫ਼ਤਰ ਵਿਚ ਹੀ ਹੋਈ। ਕਾਫੀ ਸਮਾਂ ਅਸੀਂ ਗੱਲਾਂ ਬਾਤਾਂ ਕੀਤੀਆ। ਉਨ੍ਹਾਂ ਮੈਨੂੰ ਲਿਖਣ ਲਈ ਉਤਸ਼ਾਹਤ ਕੀਤਾ। ਉਸ ਮਗਰੋਂ ਮੇਰੀ ਲਿਖਣ ਦੀ ਰੁਚੀ ਮੁੜ ਬਣੀ। ਉਨ੍ਹਾਂ ਦਾ ਗੱਲਬਾਤ ਕਰਨ ਦਾ ਤਰੀਕਾ ਤੇ ਸਲੀਕਾ ਬੇਹਦ ਪ੍ਰਭਾਵਸ਼ਾਲੀ ਤੇ ਖਿੱਚ ਭਰਪੂਰ ਸੀ। ਉਹ ਠੇਠ ਪੰਜਾਬੀ ਵਿਚ ਗੱਲਬਾਤ ਕਰਦੇ ਸਨ। ਮੈਂ ਉਨ੍ਹਾਂ ਦੀ ਸ਼ਖਸ਼ੀਅਤ ਤੋਂ ਚੋਖਾ ਪ੍ਰਭਾਵਤ ਹੋਇਆ ਸਾਂ। ਹੁਣ ਉਨ੍ਹਾਂ ਦੇ ਦੇਹਾਂਤ ਹੋ ਜਾਣ ਨਾਲ ਇੰਝ ਹੈ ਜਿਵੇਂ ਕੋਈ ਅਪਣਾ ਵਿਛੜ ਗਿਆ ਹੋਵੇ। ਜਿਸ ਨਾਲ ਸਦੀਆਂ ਦਾ ਰਿਸ਼ਤਾ ਹੋਵੇ।
ਉਨ੍ਹਾਂ ਦੇ ਲੇਖ ਰੋਜ਼ਾਨਾ ਸਪੋਕਸਮੈਨ ਸਮੇਤ ਹੋਰ ਅਖ਼ਬਾਰਾਂ ਵਿਚ ਹੁਣ ਵੀ ਅਕਸਰ ਛਪਦੇ ਰਹਿੰਦੇ ਸਨ। ਬੜਾ ਖੁੱਲ੍ਹ ਕੇ ਤੇ ਬੇਬਾਕ ਲਿਖਦੇ ਸਨ। ਬਿਨਾ ਕਿਸੇ ਡਰ ਭੈ ਦੇ। ਜ਼ਿਆਦਾਤਰ ਮੌਜੂਦਾ ਚਲੰਤ ਮਾਮਲਿਆਂ ਬਾਰੇ ਛਾਪਦੇ ਸਨ। ਅੱਜ ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਨਾਲ ਸਪੋਕਸਮੈਨ ਅਦਾਰੇ ਨੂੰ ਵੱਡਾ ਘਾਟਾ ਪਿਆ ਹੈ। ਕਿਉਂਕਿ ਉਹ ਜਿਸ ਅਦਾਰੇ ਨਾਲ ਵੀ ਜੁੜੇ ਉਸ ਨੂੰ ਉਨ੍ਹਾਂ ਅਪਣਾ ਸਮਝ ਕੇ ਉਸ ਦੀ ਗਤੀ ਨੂੰ ਤੇਜ਼ ਕੀਤਾ।
ਪਾਠਕਾਂ ਵਿਚ ਉਸ ਅਦਾਰੇ ਦੀ ਪੂਰੀ ਪੈਠ ਬਣਾਈ। ਚਾਹੇ ਉਹ ਪੰਜਾਬੀ ਟ੍ਰਿਬਿਊਨ ਹੋਵੇ ਜਾਂ ਪੰਜਾਬੀ ਜਾਗਰਣ ਤੇ ਜਾਂ ਫਿਰ ਸਪੋਕਸਮੈਨ। ਉਨ੍ਹਾਂ ਅਪਣੇ ਨਿੱਘੇ ਸੁਭਾਅ ਸਦਕਾ ਲੋਕਾਂ ਨਾਲ ਚੋਖੀ ਭਾਈਚਾਰਕ ਸਾਂਝ ਨੂੰ ਵੀ ਕਾਇਮ ਕੀਤਾ। ਭਾਂਵੇ ਉਨ੍ਹਾਂ ਨਾਲ ਵਿਚਰਣ ਦਾ ਮੈਨੂੰ ਬਹੁਤ ਥੋੜ੍ਹਾ ਵਕਤ ਮਿਲਿਆ ਪਰ ਜਿਨੀ ਕੁ ਵੀ ਸਾਂਝ ਉਨ੍ਹਾਂ ਨਾਲ ਸੀ, ਉਹ ਨਾ ਭੁੱਲਣਯੋਗ ਹੈ।
ਲੈਕਚਰਾਰ ਅਜੀਤ ਖੰਨਾ।
ਮੋਬਾਇਲ:70095 29004