
ਕਿਸਾਨ ਜਥੇਬੰਦੀਆਂ ਵਲੋਂ ਵਿਸ਼ਵ ਭਰ ਵਿਚ ਭਾਰਤੀ ਦੂਤਾਵਾਸਾਂ ਅੱਗੇ ਰੋਸ ਮੁਜ਼ਾਹਰਿਆਂ ਦਾ ਸੱਦਾ
24 ਦਸੰਬਰ ਨੂੰ ਦੇਸ਼ ਭਰ ’ਚ 24 ਘੰਟੇ ਦੇ ਲੜੀਵਾਰ ਭੁੱਖ ਹੜਤਾਲ
ਚੰਡੀਗੜ੍ਹ, 20 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਦਿੱਲੀ ਦੀਆਂ ਸਰਹੱਦਾਂ ਅਤੇ ਦੇਸ਼ ਭਰ ਵਿਚ ਕੇਂਦਰੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰ ਦਿਤਾ ਗਿਆ ਹੈ। ਇਸ ਬਾਰੇ ਫ਼ੈਸਲੇ ਕਈ ਘੰਟੇ ਚਲੀ ਮੋਰਚੇ ਦੀ ਮੀਟਿੰਗ ਵਿਚ ਲਿਆ ਗਿਆ। ਇਸ ਮੀਟਿੰਗ ਤੋਂ ਬਾਅਦ ਪ੍ਰਮੁੱਖ ਕਿਸਾਨ ਆਗੂਆਂ ਨੇ ਸਿੰਘੂ ਬਾਰਡਰ ’ਤੇ ਪ੍ਰੈਸ ਕਾਨਫ਼ਰੰਸ ਵਿਚ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਯੋਗਿੰਦਰ ਯਾਦਵ, ਡਾ. ਦਰਸ਼ਨ ਪਾਲ, ਜਗਜੀਤ ਸਿੰਘ ਡੱਲੇਵਾਲ, ਰਕੇਸ਼ ਟਿਕੈਤ, ਰੁਲਦੂ ਸਿੰਘ ਆਦਿ ਆਗੂ ਮੌਜੂਦ ਸਨ। ਐਲਾਨੇ ਗਏ ਅਗਲੇ ਐਕਸ਼ਨ ਪ੍ਰੋਗਰਾਮ ਤਹਿਤ 25, 26 ਤੇ 27 ਦਸੰਬਰ
ਨੂੰ ਵਿਸ਼ਵ ਵਿਆਪੀ ਸੱਦਾ ਦਿੰਦਿਆਂ ਸੱਭ ਦੇਸ਼ਾਂ ਦੀਆਂ ਰਾਜਧਾਨੀਆਂ ਵਿਚ ਕਿਸਾਨਾਂ ਦੇ ਹੱਕ ਵਿਚ ਰੋਸ ਮੁਜ਼ਾਹਰੇ ਕਰ ਕੇ ਭਾਰਤੀ ਦੂਤਾਵਾਸਾਂ ਰਾਹੀਂ ਭਾਰਤ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮੰਗ ਪੱਤਰ ਦੇਣ ਲਈ ਕਿਹਾ ਗਿਆ ਹੈ। ਇਨ੍ਹਾਂ ਹੀ ਦਿਨਾਂ ਦੌਰਾਨ ਹਰਿਆਣਾ ਰਾਜ ਵਿਚ ਸਮੂਹ ਟੋਲ ਪਲਾਜ਼ਿਆਂ ਦਾ ਘਿਰਾਉ ਕਰ ਕੇ ਇਨ੍ਹਾਂ ਨੂੰ ਫ਼ਰੀ ਕਰਨ ਦਾ ਸੱਦਾ ਦਿਤਾ ਗਿਆ ਤਾਂ ਜੋ ਹਰਿਆਣਾ ਸਰਕਾਰ ’ਤੇ ਵੀ ਦਬਾਅ ਵੱਧ ਸਕੇ, ਜੋ ਲਗਾਤਾਰ ਕਿਸਾਨ ਅੰਦੋਲਨ ਵਿਰੋਧੀ ਪੈਂਤੜੇ ਲੈ ਰਹੀ ਹੈ। 24 ਦਸੰਬਰ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਦੇਸ਼ ਭਰ ਵਿਚ ਚਲ ਰਹੇ ਧਰਨਿਆਂ ਵਿਚ 24 ਘੰਟੇ ਦੀ ਲੜੀਵਾਰ
ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।
23 ਦਸੰਬਰ ਨੂੰ ਚੌਧਰੀ ਚਰਨ ਸਿੰਘ ਦੇ ਦਿਵਸ ਮੌਕੇ ਲੋਕਾਂ ਨੂੰ ਦਿਨ ਦੌਰਾਨ ਇਕ ਸਮੇਂ ਦਾ ਖਾਣਾ ਨਾ ਪਕਾਉਣ ਤੇ ਖਾਣ ਦਾ ਪ੍ਰੋਗਰਾਮ ਦਿੰਦਿਆਂ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕਰਨ ਲਈ ਕਿਹਾ ਗਿਆ ਹੈ। 25, 26 ਤੇ 27 ਨੂੰ ਹੀ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਵਿਚ ਸ਼ਾਮਲ ਸੰਸਦ ਮੈਂਬਰਾਂ ਨੂੰ ਕਾਨੂੰਨ ਵਾਪਸ ਲੈਣ ਦੀ ਮੰਗ ਕਰਨ ਲਈ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ। ਅਜਿਹਾ ਨਾ ਕਰਨ ਵਾਲੇ ਸਾਂਸਦਾਂ ਦਾ ਵਿਰੋਧ ਕੀਤਾ ਜਾਵੇਗਾ।
ਡੱਬੀ
ਇਨਕਮ ਟੈਕਸ ਦੇ ਛਾਪਿਆਂ ਦਾ ਵਿਰੋਧ
ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸਮਰਥਨ ਕਰਨ ਵਾਲਿਆਂ ਨੂੰ ਡਰਾਉਣ ਧਮਕਾਉਣ ਲਈ ਇਨਕਮ ਟੈਕਸ ਵਿਭਾਗ ਵਲੋਂ ਕੇਂਦਰੀ ਫ਼ੋਰਸ ਨਾਲ ਲੈ ਕੇ ਆੜ੍ਹਤੀਆਂ ਤੇ ਕਲਾਕਾਰਾਂ ਆਦਿ ਦੇ ਘਰਾਂ ’ਤੇ ਛਾਪੇਮਾਰੀ ਕਰਨ ਦਾ ਵਿਰੋਧ ਕੀਤਾ। ਅਜਿਹਾ ਕਰਨ ਵਾਲੀਆਂ ਇਨਕਮ ਟੈਕਸ ਟੀਮਾਂ ਦੇ ਘਿਰਾਉ ਦਾ ਸੱਦਾ ਦਿਤਾ ਗਿਆ। ਕਿਸਾਨ ਜਥੇਬੰਦੀਆਂ ਨੂੰ ਬਾਹਰੋਂ ਅੰਦੋਲਨ ਦੀ ਮਦਦ ਲਈ ਸਮਰਥਕਾਂ ਵਲੋਂ ਆ ਰਹੇ ਫ਼ੰਡਾਂ ਵਿਰੁਧ ਕਾਰਵਾਈ ਅਤੇ ਕਿਸਾਨ ਯੂਨੀਅਨ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਵੀ ਸਖ਼ਤ ਨਿੰਦਾ ਕੀਤੀ ਗਈ।
ਡੱਬੀ
ਬਾਬਾ ਰਾਮ ਸਿੰਘ ਤੇ ਮਰਨ ਵਾਲੇ ਕਿਸਾਨਾਂ ਨੂੰ ਸ਼ਹੀਦ ਐਲਾਨਿਆ
ਕਿਸਾਨ ਜਥੇਬੰਦੀਆਂ ਨੇ ਅੱਜ ਦੇਸ਼ ਭਰ ਵਿਚ ਸ਼ਰਧਾਂਜਲੀ ਦਿਵਸ ਮਨਾ ਕੇ ਮੋਰਚੇ ਦੌਰਾਨ ਮਾਰੇ ਗਏ ਸੰਤ ਬਾਬਾ ਰਾਮ ਸਿੰਘ ਅਤੇ ਕਿਸਾਨਾਂ ਨੂੰ ਸ਼ਰਧਾਂਜਲੀ ਦਿਤੀ ਗਈ। ਕਿਸਾਨ ਆਗੂਆਂ ਨੇ ਇਨ੍ਹਾਂ ਨੂੰ ਕਿਸਾਨ ਅੰਦੋਲਨ ਦੇ ਸ਼ਹੀਦ ਐਲਾਨਿਆ ਹੈ। ਕਿਹਾ ਗਿਆ ਕਿ ਇਨ੍ਹਾਂ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਪਾਉਂਦਿਆਂ ਹੀ ਅਪਣੀਆਂ ਜਾਨਾਂ ਗੁਆਈਆਂ ਹਨ।
‘ਮਨ ਕੀ ਬਾਤ’ ਦੌਰਾਨ ਥਾਲੀਆਂ ਵਜਾ ਕੇ ਵਿਰੋਧ ਦਾ ਸੱਦਾ
ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਹੀ ਫ਼ਾਰਮੂਲਾ ਅਪਨਾਉਂਦਿਆਂ ਉਨ੍ਹਾਂ ਵਲੋਂ 27 ਦਸੰਬਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਦਾ ਘਰਾਂ ਵਿਚ ਥਾਲੀਆਂ ਵਜਾ ਕੇ ਵਿਰੋਧ ਦਾ ਸੱਦਾ ਦਿਤਾ ਹੈ। ਕਿਸਾਨ ਆਗੂਆਂ ਨੇ ਲੋਕਾਂ ਨੂੰ ਸੱਦਾ ਦਿਤਾ ਕਿ ਉਹ ਇਸ ਦਿਨ ਜਦ ਤਕ ਮੋਦੀ ‘ਮਨ ਕੀ ਬਾਤ’ ਕਰਨ ਉਨਾ ਸਮਾਂ ਘਰਾਂ ਦੀਆਂ ਛੱਤਾਂ ’ਤੇ ਖੜ ਕੇ ਥਾਲੀਆਂ ਵਜਾ ਕੇ ਇਸ ਨੂੰ ਸ਼ੋਰ ਸ਼ਰਾਬੇ ਵਿਚ ਰੋਲ ਦੇਣ।