
ਮੋਤੀ ਮਹਿਲ ਕੋਲ ਧਰਨਾ ’ਤੇ ਬੈਠੇ ਬੇਰੁਜ਼ਗਾਰ ਅਧਿਆਪਕ ਪੁਲਿਸ ਨੇ ਹਿਰਾਸਤ ’ਚ ਲਏ
ਦੂਰ ਦੁਰਾਡੇ ਦੇ ਥਾਣਿਆਂ ’ਚ ਭੇਜ ਕੇ ਕੀਤਾ ਰਿਹਾਅ
ਪਟਿਆਲਾ, 20 ਦਸੰਬਰ (ਤੇਜਿੰਦਰ ਫ਼ਤਿਹਪੁਰ) : ਕੜਾਕੇ ਦੀ ਠੰਢ ਵਿਚ ਲੰਘੇ ਕਲ ਅਪਣੀਆਂ ਹੱਕੀ ਮੰਗਾਂ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਵੇਰ ਤੜਕਸਾਰ ਪਟਿਆਲਾ ਪੁਲਿਸ ਵਲੋਂ ਹਲਕਾ ਲਾਠੀਚਾਰਜ ਕਰ ਕੇ ਹਿਰਾਸਤ ’ਚ ਲੈ ਕੇ ਵੱਖੋ ਵੱਖ ਥਾਣਿਆਂ ਵਿਚ ਭੇਜ ਦਿਤਾ ਗਿਆ ਅਤੇ ਦੂਰ ਦੂਰਾਡੇ ਦੇ ਥਾਣਿਆਂ ਵਿਚ ਜਾ ਕੇ ਇਨ੍ਹਾਂ ਅਧਿਆਪਕਾਂ ਨੂੰ ਰਿਹਾਅ ਵੀ ਕਰ ਦਿਤਾ ਗਿਆ। ਰਿਹਾਈ ਤੋਂ ਬਾਅਦ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਸਰਕਾਰ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਮਨੋਬਲ ਨਹੀਂ ਡੇਗ ਸਕਦੀ ਤੇ ਇਹ ਸੰਘਰਸ਼ ਮੰਗਾਂ ਨਾ ਮੰਨੇ ਜਾਣ ਤਕ ਜਾਰੀ ਰਹੇਗਾ।
ਬੇਰੁਜ਼ਗਾਰ ਅਧਿਆਪਕਾਂ ਨੇ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਮੋਤੀ ਮਹਿਲ ਨੇੜੇ ਵਾਈ.ਪੀ.ਐਸ ਚੌਕ ਵਿਚ ਹੀ ਡੇਰੇ ਜਮਾ ਕੇ ਰੱਖੇ। ਅਧਿਆਪਕਾਂ ਨੂੰ ਇਥੇ ਬਿਸਤਰੇ ਤਕ ਨਹੀਂ ਲਿਆਉਣ ਦਿਤੇ ਗਏ ਤੇ ਠੰਢ ਵਿਚ ਹੀ ਅਧਿਆਪਕ ਸਾਰੀ ਰਾਤ ਸਰਕਾਰ ਵਿਰੋਧੀ ਨਾਹਰੇ ਮਾਰ ਕੇ ਅਪਣੀਆਂ ਨੌਕਰੀਆਂ ਦੀ ਮੰਗ ਕਰਦੇ ਰਹੇ। ਇਸ ਮੌਕੇ ਮੌਜੂਦ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਤੇ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਈਟੀਟੀ ਅਧਿਆਪਕਾਂ ਦੀਆਂ ਪੋਸਟਾਂ ਤੇ ਬੀ ਐਡ ਉਮੀਦਵਾਰਾਂ ਨੂੰ ਬਰਾਬਰ ਵਿਚਾਰ ਕੇ ਈ.ਟੀ.ਟੀ. ਦੀ ਹੋਂਦ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਜਦੋਂ ਕਿ ਈ.ਟੀ.ਟੀ. ਸਿਰਫ਼ ਪ੍ਰਾਇਮਰੀ ਅਧਿਆਪਕਾਂ ਲਈ ਤੇ ਬੀ ਐਡ ਅਪਰ ਪ੍ਰਾਇਮਰੀ ਅਧਿਆਪਕਾਂ ਲਈ ਕੋਰਸ ਕਰਵਾਇਆ ਜਾਂਦਾ ਹੈ । ਪ੍ਰੰਤੂ ਜਦੋਂ ਪ੍ਰਾਇਮਰੀ ਅਧਿਆਪਕ ਦੀਆਂ ਪੋਸਟਾਂ ਤੇ ਬੀ.ਐਡ ਉਮੀਦਵਾਰਾਂ ਨੂੰ ਵਿਚਾਰ ਕੇ ਈ.ਟੀ.ਟੀ. ਕਰ ਰਹੇ ਉਮੀਦਵਾਰ ਜਾਂ ਕਰ ਚੁੱਕੇ ਉਮੀਦਵਾਰ ਉਨ੍ਹਾਂ ਲਈ ਆਉਣ ਵਾਲੇ ਸਮੇਂ ਵਿਚ ਬਹੁਤ ਵੱਡੇ ਪੱਧਰ ਤੇ ਮੁਸ਼ਕਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਇਸ ਲਈ ਅਸÄ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਸ ਵਲੋਂ ਲਿਆ ਗਿਆ ਤਾਨਾਸ਼ਾਹੀ ਫ਼ੈਸਲਾ ਵਾਪਸ ਲਵੇ ਤੇ ਈ.ਟੀ.ਟੀ. ਦੇ ਉਪਰ ਪਹਿਲ ਦੇ ਆਧਾਰ ਤੇ ਸਿਰਫ਼ ਈ.ਟੀ.ਟੀ. ਤੇ ਉਮੀਦਵਾਰ ਨੂੰ ਹੀ ਵਿਚਾਰਿਆ ਜਾਵੇ।
ਪਟਿਆਲਾ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਬਹੁਤੇ ਅਧਿਆਪਕਾਂ ਨੂੰ ਸ਼ਹਿਰ ਤੋਂ 30-35 ਕਿਲੋਮੀਟਰ ਦੂਰ ਜੁਲਕਾਂ ਥਾਣੇ ਵਿਖੇ ਭੇਜ ਦਿਤਾ ਗਿਆ। ਥਾਣੇ ਵਿੱਚ ਤੈਨਾਤ ਐਸ.ਐਚ.ਓ ਹਰਮਨਪ੍ਰੀਤ ਸਿੰਘ ਚੀਮਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਅਧਿਆਪਕ ਸਾਰੀ ਰਾਤ ਦੇ ਭੁੱਖੇ ਹਨ ਤਾਂ ਉਨ੍ਹਾਂ ਨੇ ਇਨ੍ਹਾਂ ਅਧਿਆਪਕਾਂ ਲਈ ਵਿਸ਼ੇਸ਼ ਤੌਰ ’ਤੇ ਲੰਗਰ ਦਾ ਪ੍ਰਬੰਧ ਕਰਵਾਇਆ ਅਤੇ ਸਾਰਿਆਂ ਨੂੰ ਲੰਗਰ ਛਕਾ ਕੇ ਥਾਣੇ ਤੋਂ ਤੋਰਿਆ। ਐਸ.ਐਚ.ਓ ਚੀਮਾ ਨੇ ਆਖਿਆ ਕਿ ਅਸੀਂ ਅਪਣੀ ਡਿਊਟੀ ਕਰ ਰਹੇ ਹਾਂ ਪਰ ਡਿਊਟੀ ਕਰਨ ਦੇ ਨਾਲ-ਨਾਲ ਅਸੀਂ ਇਕ ਚੰਗੇ ਇਨਸਾਨ ਵਜੋਂ ਵੀ ਵਿਚਰਨਾ ਜਾਣਦੇ ਹਾਂ।
ਇਸ ਮੌਕੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਤੇ ਜ਼ਿਲ੍ਹਾ ਪਟਿਆਲਾ ਅਕਾਲੀ ਦਲ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਅਧਿਆਪਕਾਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਆਖਿਆ ਕਿ ਅਧਿਆਪਕਾਂ ਨਾਲ ਕਾਂਗਰਸ ਸਰਕਾਰ ਵਲੋਂ ਨੌਕਰੀ ਦੇਣ ਦੀ ਥਾਂ ਅਣਮਨੁੱਖੀ ਵਰਤਾਰਾ ਕੀਤਾ ਜਾ ਰਿਹਾ ਹੈ। ਰੱਖੜਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਰ ਘਰ ਵਿਚ ਨੌਕਰੀ ਦੇਣ ਦਾ ਦਾਅਵਾ ਕੀਤਾ ਸੀ ਪਰ ਅਮਰਿੰਦਰ ਦੱਸਣ ਕਿ ਉਨ੍ਹਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਥਾਂ ਡੰਡਿਆਂ ਨਾਲ ਕਿਉਂ ਨਿਵਾਜ ਰਹੇ ਹਨ।
ਫੋਟੋ ਨੰ: 20 ਪੀਏਟੀ 19