
ਬਸਤੀਵਾਦੀ ਸ਼ਾਸਨ ’ਚ ਹੋਇਆ ਵਿਕਾਸ ਸਿਰਫ਼ ਅੰਗਰੇਜ਼ਾਂ ਦੇ ਹਿਤਾਂ ਦੀ ਪੂਰਤੀ ਲਈ ਸੀ : ਥਰੂਰ
ਚੰਡੀਗੜ੍ਹ, 20 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਮਿਲਟਰੀ ਲਿਟਰੇਚਰ ਫ਼ੈਸਟੀਵਲ-2020 ਦੇ ਆਖ਼ਰੀ ਦਿਨ ਮਸ਼ਹੂਰ ਕਲਾਕਾਰ ਮੇਜਰ ਬਿਕਰਮਜੀਤ ਕੰਵਰਪਾਲ ਨਾਲ ਗੱਲਬਾਤ ਦੌਰਾਨ ਜ਼ੋਰ ਦਿੰਦਿਆਂ ਕਿਹਾ ਕਿ ਰੇਲਵੇ ਸਮੇਤ ਬਸਤੀਵਾਦੀ ਸਾਸ਼ਨ ਵਿਚ ਕੀਤੇ ਗਏ ਬੁਨਿਆਦੀ ਢਾਂਚੇ ਦਾ ਵਿਕਾਸ ਮਹਿਜ਼ ਅੰਗਰੇਜ਼ਾਂ ਦੇ ਹਿਤਾਂ ਦੀ ਪੂਰਤੀ ਲਈ ਹੋਇਆ ਸੀ। ਉਨ੍ਹਾਂ ਕਿਹਾ, “ਅੰਗਰੇਜ਼ਾਂ ਵਲੋਂ ਇਹ ਦਲੀਲ ਦਿਤੀ ਗਈ ਕਿ ਉਹ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਭਿਆਸਾਂ ਨੂੰ ਪਿੱਛੇ ਛੱਡ ਗਏ ਜਿਨ੍ਹਾਂ ਦਾ ਭਾਰਤ ਨੂੰ ਫ਼ਾਇਦਾ ਹੋਇਆ ਪਰ ਸਮੱਸਿਆ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਚੀਜ਼ ਦਾ ਭਾਰਤ ਦੇ ਹਿਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਅੰਗਰੇਜ਼ਾਂ ਵਲੋਂ ਬਣਾਈ ਹਰ ਇਕ ਚੀਜ਼ ਜਿਸ ਦੀ ਉਹ ਗੱਲ ਕਰਦੇ ਹਨ ਸਿਰਫ਼ ਅੰਗਰੇਜ਼ਾਂ ਦੇ ਹਿਤਾਂ ਦੀ ਪੂਰਤੀ ਲਈ ਉਨ੍ਹਾਂ ਦੇ ਸ਼ਾਸਨ ਅਤੇ ਲਾਭਾਂ ਵਿਚ ਵਾਧਾ ਕਰਨ ਲਈ ਬਣਾਈ ਗਈ ਸੀ।”
ਅਪਣੀ ਨਵੀਂ ਕਿਤਾਬ ਬਾਰੇ ਦਸਦਿਆਂ ਥਰੂਰ ਨੇ ਕਿਹਾ ਕਿ ਜਦੋਂ ਉਹ ਪੁਸਤਕ ਪ੍ਰਕਾਸ਼ਤ ਕਰਨਗੇ ਤਾਂ ਇਹ ਸਾਡੀਆਂ ਸਰਕਾਰਾਂ ਦੀਆਂ ਨਾਕਾਮੀਆਂ ਲਈ ਜ਼ਿੰਮੇਵਾਰੀਆਂ ਤੋਂ ਮੁਨਕਰ ਹੋਣ ਜਾਂ ਕਿਸੇ ਹੋਰ ਢੰਗ ਨਾਲ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਹੋਵੇਗੀ ਕਿਉਂਕਿ ਜੋ ਬੀਤ ਗਿਆ ਸੋ ਬੀਤ ਗਿਆ। ਪਰ ਉਨ੍ਹਾਂ ਮਹਿਸੂਸ ਕੀਤਾ ਕਿ ਹਰ ਸਮਾਜ ਦਾ ਹੱਕ ਹੈ ਕਿ ਉਹ ਅਪਣੇ ਅਤੀਤ ਬਾਰੇ ਜਾਣੇ।